ਮਹਾਰਾਸ਼ਟਰ ਦੀਆਂ ਸੜਕਾਂ ''ਤੇ ਨਹੀਂ ਦੌੜ ਸਕਣਗੇ 15 ਸਾਲ ਤੋਂ ਵੱਧ ਪੁਰਾਣੇ ਆਟੋਰਿਕਸ਼ਾ
Monday, Oct 05, 2020 - 07:52 PM (IST)
ਮੁੰਬਈ - ਮਹਾਰਾਸ਼ਟਰ ਸੂਬਾ ਟਰਾਂਸਪੋਰਟ ਅਥਾਰਟੀ ਨੇ ਆਟੋਰਿਕਸ਼ਾ ਦੀ ਉਮਰ ਹੁਣ ਤੱਕ ਨਿਰਧਾਰਤ 20 ਸਾਲ ਤੋਂ ਘਟਾ ਕੇ 15 ਸਾਲ ਕਰਣ ਦਾ ਫੈਸਲਾ ਕੀਤਾ ਹੈ। ਟਰਾਂਸਪੋਰਟ ਵਿਭਾਗ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਅਥਾਰਟੀ ਦਾ ਇਹ ਫੈਸਲਾ ਪਹਿਲਾਂ ਮੁੰਬਈ ਮਹਾਂਨਗਰ ਖੇਤਰ 'ਚ ਅਤੇ ਬਾਅਦ 'ਚ ਸੂਬੇ ਦੇ ਹੋਰ ਇਲਾਕਿਆਂ 'ਚ ਵੀ ਲਾਗੂ ਕੀਤਾ ਜਾਵੇਗਾ।
ਫੈਸਲੇ ਅਨੁਸਾਰ, 15 ਸਾਲ ਤੋਂ ਵੱਧ ਪੁਰਾਣੇ ਆਟੋਰਿਕਸ਼ਾ ਨੂੰ 1 ਅਗਸਤ 2021 ਤੋਂ ਮੁੰਬਈ ਮਹਾਂਨਗਰ ਖੇਤਰ 'ਚ ਚਲਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਉਥੇ ਹੀ, ਸੂਬੇ ਦੇ ਬਾਕੀ ਹਿੱਸਿਆਂ 'ਚ ਇਹ ਤਾਰੀਖ਼ 1 ਅਗਸਤ 2024 ਤੈਅ ਕੀਤੀ ਗਈ ਹੈ। ਸੂਬਾ ਟਰਾਂਸਪੋਰਟ ਸਕੱਤਰ ਨੇ 24 ਸਤੰਬਰ ਨੂੰ ਹੋਈ ਬੈਠਕ 'ਚ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਅਰਧ-ਨਿਆਂਇਕ ਸੰਸਥਾ ਐੱਸ.ਟੀ.ਏ. ਜਾਂ ਸੂਬਾ ਟਰਾਂਸਪੋਰਟ ਅਥਾਰਟੀ ਨੇ ਆਟੋਰਿਕਸ਼ਾ ਦੀ ਉਮਰ ਘਟਾਉਣ ਦਾ ਇਹ ਫੈਸਲਾ ਸਾਬਕਾ ਆਈ.ਏ.ਐੱਸ. ਅਧਿਕਾਰੀ ਬੀ.ਸੀ. ਖਟੁਆ ਦੀ ਅਗਵਾਈ ਵਾਲੇ ਪੈਨਲ ਵੱਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਲਿਆ ਹੈ। ਖਟੁਆ ਕਮੇਟੀ ਨੇ ਆਪਣੀ ਰਿਪੋਰਟ ਅਕਤੂਬਰ 2017 'ਚ ਮਹਾਰਾਸ਼ਟਰ ਸਰਕਾਰ ਦੇ ਕੋਲ ਜਮਾਂ ਕਰ ਦਿੱਤੀ ਸੀ।
ਸੂਬਾ ਸਰਕਾਰ ਨੇ ਇਸ ਕਮੇਟੀ ਵੱਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ 'ਚੋਂ ਬਹੁਤਿਆਂ ਨੂੰ ਸਵੀਕਾਰ ਕੀਤਾ ਸੀ। ਦੱਸ ਦਈਏ ਕਿ ਮਹਾਰਾਸ਼ਟਰ 'ਚ 10 ਲੱਖ ਤੋਂ ਜ਼ਿਆਦਾ ਆਟੋਰਿਕਸ਼ਾ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1 ਅਗਸਤ 2013 ਨੂੰ ਐੱਸ.ਟੀ.ਏ. ਨੇ ਹਾਕਿਮ ਪਟੇਲ ਦੀਆਂ ਸਿਫਾਰਿਸ਼ਾਂ 'ਤੇ ਆਟੋਰਿਕਸ਼ਾ ਦੀ ਉਮਰ ਸੀਮਾ ਘਟਾਉਣ ਦਾ ਫੈਸਲਾ ਲਿਆ ਸੀ।