ਆਟੋ ਚਾਲਕ ਦਾ ਕੱਟਿਆ ਸਾਢੇ 18 ਹਜ਼ਾਰ ਦਾ ਚਲਾਨ, ਸਦਮੇ ''ਚ ਚੱਲੀ ਗਈ ਜਾਨ

09/26/2019 3:50:15 PM

ਜੌਨਪੁਰ— ਉੱਤਰ ਪ੍ਰਦੇਸ਼ ਚ ਜੌਨਪੁਰ ਦੇ ਲਾਈਨ ਬਾਜ਼ਾਰ ਖੇਤਰ 'ਚ ਇਕ ਆਟੋ ਰਿਕਸ਼ਾ ਦਾ ਸਾਢੇ 18 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤੇ ਜਾਣ ਨਾਲ ਉਸ ਦੇ ਚਾਲਕ ਦੀ ਸਦਮੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਲਾਈਨ ਬਾਜ਼ਾਰ ਖੇਤਰ 'ਚ ਕਲੀਚਾਬਾਦ ਪਿੰਡ ਵਾਸੀ ਆਟੋ ਚਾਲਕ ਗਨੇਸ਼ ਅਗਰਹਰਿ ਦਾ 31 ਅਗਸਤ ਨੂੰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਨੇ ਚਲਾਨ ਕੱਟਿਆ ਸੀ। ਟਰਾਂਸਪੋਰਟ ਵਿਭਾਗ ਦਾ ਦੋਸ਼ ਹੈ ਕਿ ਉਸ ਦੇ ਆਟੋ ਦਾ ਪਰਮਿਟ ਨਹੀਂ ਸੀ। ਵਾਤਾਵਰਣ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਵੀ ਨਹੀਂ ਸੀ। ਇਸ ਤੋਂ ਇਲਾਵਾ ਤਿੰਨ ਹੋਰ ਕਮੀਆਂ ਪਾਈਆਂ ਗਈਆਂ ਸਨ। ਇਸ 'ਤੇ ਕੁੱਲ 18 ਹਜ਼ਾਰ 500 ਰੁਪਏ ਦਾ ਚਲਾਨ ਕੱਟਿਆ ਗਿਆ।

ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਚਲਾਨ ਕੱਟਣ ਤੋਂ ਬਾਅਦ ਸਦਮੇ ਨਾਲ ਗਣੇਸ਼ ਬੀਮਾਰ ਹੋ ਗਿਆ। ਉਸ ਨੂੰ ਸਥਾਨਕ ਡਾਕਟਰ ਨੂੰ ਦਿਖਾਇਆ ਗਿਆ ਪਰ ਠੀਕ ਨਾ ਹੋਣ 'ਤੇ ਉਸ ਨੂੰ ਵਾਰਾਣਸੀ ਲਿਜਾਇਆ ਗਿਆ। ਜਿੱਥੇ 23 ਸਤੰਬਰ ਨੂੰ ਇਕ ਨਿੱਜੀ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਜ਼ਿਲਾ ਅਧਿਕਾਰੀ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਟਰਾਂਸਪੋਰਟ ਵਿਭਾਗ ਤੋਂ ਇਸ ਦੀ ਰਿਪੋਰਟ ਮੰਗੀ ਹੈ। ਜ਼ਿਲਾ ਅਧਿਕਾਰੀ ਅਰਵਿੰਦ ਮਲੱਪਾ ਬੰਗਾਰੀ ਨੇ ਏ.ਆਰ.ਟੀ.ਓ. ਪ੍ਰਵਰਤਨ ਉਦੇਵੀਰ ਸਿੰਘ ਤੋਂ ਜਾਣਕਾਰੀ ਲਈ। ਚਲਾਨ ਕੱਟਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ 31 ਅਗਸਤ ਨੂੰ ਜਾਂਚ ਦੌਰਾਨ 6 ਕਮੀਆਂ ਮਿਲਣ 'ਤੇ ਕਾਰਵਾਈ ਕੀਤੀ ਸੀ। ਚਾਲਕ ਦਾ ਪੁਰਾਣੇ ਮੋਟਰ ਵਾਹਨ ਐਕਟ 'ਚ ਹੀ ਸਾਢੇ 18 ਹਜ਼ਾਰ ਦਾ ਚਲਾਨ ਬਣਿਆ ਸੀ। ਉਸ ਸਮੇਂ ਨਵਾਂ ਚਲਾਨ ਨਿਯਮ ਲਾਗੂ ਨਹੀਂ ਸੀ।


DIsha

Content Editor

Related News