ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਆਸਟ੍ਰੇਲੀਆ, ਭਾਰਤ ਨਾਲ ਕਰੇਗਾ 28 ਕਰੋੜ ਡਾਲਰ ਦਾ ਨਿਵੇਸ਼
Tuesday, Mar 22, 2022 - 02:57 PM (IST)
ਨਵੀਂ ਦਿੱਲੀ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਭਾਰਤ ਨਾਲ ਸਹਿਯੋਗ ਵਧਾਉਣ ਲਈ 28 ਕਰੋੜ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗਾ। ਇਸ ਦਾ ਮਕਸਦ ਦੋਹਾਂ ਦੇਸ਼ਾਂ ਦੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਬਣਾਉਣਾ, ਵਪਾਰ ’ਚ ਤੇਜ਼ੀ ਲਿਆਉਣਾ ਅਤੇ ਰੁਜ਼ਗਾਰ ’ਚ ਇਜ਼ਾਫਾ ਕਰਨਾ ਸ਼ਾਮਲ ਹੈ। ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਡੈਨ ਟੇਹਨ ਨੇ ਕਿਹਾ ਕਿ ਨਿਵੇਸ਼ ਦਾ ਮਕਸਦ ਦੋ-ਪੱਖੀ ਆਰਥਿਕ ਸਹਿਯੋਗ ਨੂੰ ਮਜ਼ਬੂਤ ਬਣਾਉਣਾ, ਦੋ-ਪੱਖੀ ਵਪਾਰ ਸਬੰਧਾਂ ਨੂੰ ਅੱਗੇ ਵਧਾਉਣਾ ਅਤੇ ਨਿਵੇਸ਼ ’ਚ ਸੁਧਾਰ ਲਿਆਉਣਾ ਹੈ। ਟੇਹਨ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਸਾਂਝੀਆਂ ਕਦਰਾਂ-ਕੀਮਤਾਂ, ਪੂਰਕ ਅਰਥਵਿਵਸਥਾਵਾਂ ਨੂੰ ਸਾਂਝਾ ਕਰਦੇ ਹਨ। ਨਾਲ ਹੀ ਦੋਹਾਂ ਹੀ ਥਾਂਵਾਂ ਦੇ ਲੋਕਾਂ ਵਿਚਾਲੇ ਸਬੰਧ ਵੀ ਮਜ਼ਬੂਤ ਹਨ, ਜੋ ਸਾਨੂੰ ਆਦਰਸ਼ ਭਾਈਵਾਲ ਬਣਾਉਂਦੇ ਹਨ।
ਇਕ ਅਧਿਕਾਰਤ ਬਿਆਨ ਮੁਤਾਬਕ ਸਾਲ 2020 ’ਚ ਭਾਰਤ-ਆਸਟ੍ਰੇਲੀਆ ਦਾ 7ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ, ਜਿਸ ਦਰਮਿਆਨ ਦਰਾਮਦ ਅਤੇ ਬਰਾਮਦ ਵਪਾਰ 24.3 ਅਰਬ ਡਾਲਰ ਰਿਹਾ। ਸਾਲ 2020 ’ਚ ਭਾਰਤ ਸੇਵਾਵਾਂ ਦੇ ਨਿਰਯਾਤ ਲਈ ਆਸਟ੍ਰੇਲੀਆ ਦਾ ਤੀਜਾ ਸਭ ਤੋਂ ਵੱਡਾ ਬਾਜ਼ਾਰ ਸੀ। ਟੇਹਨ ਨੇ ਅੱਗੇ ਆਖਿਆ, ‘‘ਸਰਕਾਰ ਭਾਰਤ ਦੀ ਆਰਥਿਕ ਰਣਨੀਤੀ ਅਤੇ ਇਸ ਦੇ ਮਹੱਤਵਪੂਰਨ ਟੀਚਿਆਂ ਲਈ ਵਚਨਬੱਧ ਹੈ। ਸਾਡਾ ਟੀਚਾ 2035 ਤੱਕ ਭਾਰਤ ਨੂੰ ਸਾਡੇ ਤਿੰਨ ਨਿਰਯਾਤ ਬਜ਼ਾਰਾਂ ’ਚ ਸ਼ਾਮਲ ਕਰਨਾ ਅਤੇ ਏਸ਼ੀਆ ’ਚ ਅਜਿਹੀ ਤੀਜੀ ਸਭ ਤੋਂ ਵੱਡੀ ਮੰਜ਼ਿਲ ਬਣਾਉਣਾ ਹੈ, ਜਿੱਥੇ ਆਸਟ੍ਰੇਲੀਆ ਤੋਂ ਇਲਾਵਾ ਵੀ ਦੂਜੇ ਦੇਸ਼ਾਂ ਦਾ ਨਿਵੇਸ਼ ਸ਼ਾਮਲ ਹੋਵੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੌਰੀਸਨ ਨੇ ਸੋਮਵਾਰ ਨੂੰ ਭਾਰਤ-ਆਸਟ੍ਰੇਲੀਆ ਵਿਚਾਲੇ ਦੂਜੇ ਵਰਚੁਅਲ ਸ਼ਿਖਰ ਸੰਮੇਲਨ ਦਾ ਆਯੋਜਨ ਕੀਤਾ।