ਆਪਣੀਆਂ ਜਾਇਦਾਦਾਂ ਨਿਲਾਮ ਕਰਵਾ ਲੈਣ ਪ੍ਰਧਾਨ ਸਾਹਿਬ: ਸਰਨਾ

Thursday, Nov 28, 2024 - 05:21 PM (IST)

ਆਪਣੀਆਂ ਜਾਇਦਾਦਾਂ ਨਿਲਾਮ ਕਰਵਾ ਲੈਣ ਪ੍ਰਧਾਨ ਸਾਹਿਬ: ਸਰਨਾ

ਨਵੀਂ ਦਿੱਲੀ- ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ (GHPS) ਦੇ ਸਟਾਫ਼ ਦੀਆਂ ਬਕਾਇਆ ਤਨਖ਼ਾਹਾਂ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀਆਂ ਜਾਇਦਾਦਾਂ ਵੇਚਣ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਮੇਟੀ ਦੀਆਂ ਜਾਇਦਾਦਾਂ ਨੂੰ ਵੇਚਣ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਹੈ।

ਸਰਨਾ ਨੇ ਅਧਿਆਪਕਾਂ ਦੇ ਵਕੀਲ ਵਲੋਂ ਦਿੱਲੀ ਹਾਈ ਕੋਰਟ 'ਚ ਪੇਸ਼ ਕੀਤੇ ਪ੍ਰਸਤਾਵ ਦੀ ਆਲੋਚਨਾ ਕੀਤੀ, ਜਿਸ ਵਿਚ ਬਕਾਇਆ ਅਦਾ ਕਰਨ ਲਈ ਲੋਨੀ ਵਿਚ 11 ਏਕੜ ਅਤੇ ਬਿਘਰ ਵਿਚ 280 ਏਕੜ ਜ਼ਮੀਨ ਸਮੇਤ DSGMC ਵਲੋਂ ਪ੍ਰਸ਼ਾਸਿਤ ਜ਼ਮੀਨਾਂ ਨੂੰ ਵੇਚਣ ਦਾ ਸੁਝਾਅ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਜਾਇਦਾਦਾਂ ਪਵਿੱਤਰ ਹਨ ਅਤੇ ਸਿਰਫ਼ 'ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਸਬੰਧਤ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਨੂੰ ਵੀ ਗੁਰੂ ਸਾਹਿਬ ਜੀ ਦੀ ਜਾਇਦਾਦ ਵੇਚਣ ਦਾ ਅਧਿਕਾਰ ਨਹੀਂ ਹੈ।

ਸਰਨਾ ਨੇ ਇਸ ਦੀ ਬਜਾਏ DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਮਨਜਿੰਦਰ ਸਿੰਘ ਸਿਰਸਾ ਅਤੇ ਪੂਰੀ ਕਾਰਜਕਾਰੀ ਕਮੇਟੀ ਦੀਆਂ ਨਿੱਜੀ ਜਾਇਦਾਦਾਂ ਦੀ ਨਿਲਾਮੀ ਦਾ ਪ੍ਰਸਤਾਵ ਰੱਖਿਆ ਅਤੇ ਉਨ੍ਹਾਂ ਨੂੰ GHPS ਦੇ ਵਿੱਤੀ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ। ਇਸ ਦੇ ਲਈ ਸਰਨਾ ਨੇ ਪਾਕਿਸਤਾਨ ਦੀ ਉਦਾਹਰਣ ਦਿੱਤੀ ਅਤੇ ਕਿਹਾ ਕਿ ਪਾਕਿਸਤਾਨ ਨੇ 47,000 ਏਕੜ ਧਾਰਮਿਕ ਜਾਇਦਾਦਾਂ ਨੂੰ ਸੁਰੱਖਿਅਤ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ DSGMC ਦੀਆਂ ਜਾਇਦਾਦਾਂ ਦੀ ਵੀ ਇਸੇ ਤਰ੍ਹਾਂ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਸਰਨਾ ਨੇ ਮੰਗ ਕੀਤੀ ਕਿ GHPS ਦੀ ਕਾਰਜਕਾਰਨੀ ਕਮੇਟੀ ਅਤੇ ਚੇਅਰਮੈਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਹ ਉਨ੍ਹਾਂ ਲਈ ਇਕ ਮਿਸਾਲ ਕਾਇਮ ਕਰੇਗਾ ਜੋ ਨਿੱਜੀ ਲਾਭ ਲਈ DSGMC ਦੀ ਮੈਂਬਰਸ਼ਿਪ ਦੀ ਦੁਰਵਰਤੋਂ ਕਰਦੇ ਹਨ।


author

Tanu

Content Editor

Related News