ਬਸਪਾ ਆਗੂ ਹਰਬਿਲਾਸ ਰੱਜੂ ਮਾਜਰਾ ਦਾ ਕਤਲ, ਬਦਮਾਸ਼ਾਂ ਨੇ ਕਾਰ ''ਤੇ ਚਲਾਈਆਂ ਗੋਲੀਆਂ
Saturday, Jan 25, 2025 - 06:19 AM (IST)
ਨੈਸ਼ਨਲ ਡੈਸਕ - ਅੰਬਾਲਾ ਦੇ ਨਰਾਇਣਗੜ੍ਹ ਇਲਾਕੇ ਵਿੱਚ ਬਸਪਾ ਵਿਧਾਇਕ ਉਮੀਦਵਾਰ ਹਰਬਿਲਾਸ ਰੱਜੂ ਮਾਜਰਾ ਦਾ ਕਤਲ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ (24 ਜਨਵਰੀ) ਦੇਰ ਸ਼ਾਮ ਨੂੰ ਨਰਾਇਣਗੜ੍ਹ 'ਚ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਮਗਰੋਂ ਹਰਬਿਲਾਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਪਰ ਰੱਜੂ ਮਾਜਰਾ ਨੂੰ ਬਚਾਇਆ ਨਹੀਂ ਜਾ ਸਕਿਆ।
ਅਣਪਛਾਤੇ ਹਮਲਾਵਰਾਂ ਨੇ ਗੱਡੀ 'ਤੇ ਚਲਾ ਦਿੱਤੀਆਂ ਗੋਲੀਆਂ
ਰਿਪੋਰਟ ਮੁਤਾਬਕ ਕਾਰ ਵਿੱਚ ਹਰਬਿਲਾਸ ਅਤੇ ਉਸਦੇ ਦੋ ਦੋਸਤ ਪੁਨੀਤ ਡਾਂਗ ਅਤੇ ਗੂਗਲ ਪੰਡਿਤ ਬੈਠੇ ਸਨ। ਫਿਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਵਿੱਚ ਹਰਬਿਲਾਸ ਅਤੇ ਪੁਨੀਤ ਜ਼ਖ਼ਮੀ ਹੋ ਗਏ।
ਘਟਨਾ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਵਾਪਰੀ
ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 7.30 ਵਜੇ ਵਾਪਰੀ। ਤਿੰਨੋਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਪਾਰਕ ਦੇ ਗੇਟ ਨੰਬਰ 1 'ਤੇ ਕਾਰ 'ਚ ਬੈਠੇ ਸਨ। ਫਿਰ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਇਸ ਵਿੱਚ ਹਰਬਿਲਾਸ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਨੀਤ ਦੀ ਲੱਤ ਵਿੱਚ ਗੋਲੀ ਲੱਗੀ ਸੀ।
ਜਾਂਚ ਲਈ ਬਣਾਈਆਂ ਵੱਖ-ਵੱਖ ਟੀਮਾਂ-ਪੁਲਸ
ਪੁਲਸ ਨੇ ਇਹ ਵੀ ਕਿਹਾ ਕਿ ਇਸ ਘਟਨਾ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ।