ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਨੇਤਾ ਬਣੀ ਆਤਿਸ਼ੀ
Sunday, Feb 23, 2025 - 03:11 PM (IST)

ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੂੰ ਐਤਵਾਰ ਨੂੰ ਇੱਥੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੀ ਬੈਠਕ 'ਚ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ। ਪਾਰਟੀ ਆਗੂਆਂ ਨੇ ਇਹ ਜਾਣਕਾਰੀ ਦਿੱਤੀ। 'ਆਪ' ਮੁਖੀ ਅਰਵਿੰਦ ਕੇਜਰੀਵਾਲ ਅਤੇ ਕਾਲਕਾਜੀ ਤੋਂ ਵਿਧਾਇਕ ਆਤਿਸ਼ੀ ਸਮੇਤ ਪਾਰਟੀ ਦੇ 22 ਵਿਧਾਇਕ ਮੀਟਿੰਗ 'ਚ ਸ਼ਾਮਲ ਹੋਏ। ਦਿੱਲੀ ਵਿਚ ਭਾਜਪਾ ਮਗਰੋਂ ਹੁਣ ਆਮ ਆਦਮੀ ਪਾਰਟੀ (ਆਪ) ਨੇ ਮਹਿਲਾ ਕਾਰਡ ਚਲਾਇਆ ਹੈ। ਦੱਸ ਦੇਈਏ ਕਿ ਹੁਣ ਦਿੱਲੀ ਵਿਧਾਨ ਸਭਾ ਵਿਚ ਪਾਰਟੀ ਅਤੇ ਵਿਰੋਧੀ ਧਿਰ ਦੀਆਂ ਦੋ ਔਰਤਾਂ ਆਹਮੋ-ਸਾਹਮਣੇ ਹੋਣਗੀਆਂ। ਇਕ ਪਾਸੇ ਭਾਜਪਾ ਨੇ ਸ਼ਾਲੀਮਾਰ ਬਾਗ ਦੀ ਵਿਧਾਇਕ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾਇਆ ਹੈ।
ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ 24 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਜੋ ਤਿੰਨ ਦਿਨ ਚੱਲੇਗਾ। ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਕਿਹਾ ਹੈ ਕਿ ਪਿਛਲੀ 'ਆਪ' ਸਰਕਾਰ ਦੇ ਕੰਮਕਾਜ ਵਿਰੁੱਧ ਬਕਾਇਆ ਕੈਗ ਰਿਪੋਰਟ ਸਦਨ 'ਚ ਪੇਸ਼ ਕੀਤੀ ਜਾਵੇਗੀ। ਭਾਜਪਾ ਨੇ 5 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ 70 'ਚੋਂ 48 ਸੀਟਾਂ ਜਿੱਤ ਕੇ 'ਆਪ' ਨੂੰ ਦਿੱਲੀ 'ਚ ਸੱਤਾ ਤੋਂ ਬਾਹਰ ਕਰ ਦਿੱਤਾ ਸੀ। 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੇ ਕਈ ਪ੍ਰਮੁੱਖ ਨੇਤਾ ਵੀ ਚੋਣ ਹਾਰ ਗਏ।
ਇਸ ਤੋਂ ਪਹਿਲਾਂ ਆਤਿਸ਼ੀ ਦਿੱਲੀ ਸਰਕਾਰ 'ਚ ਸਿੱਖਿਆ, ਵਿੱਤ ਅਤੇ ਊਰਜਾ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਸੰਭਾਲ ਰਹੀ ਸੀ। ਪੰਜ ਮਹੀਨੇ ਬਾਅਦ ਜਦੋਂ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤਾਂ ਉਨ੍ਹਾਂ ਨੇ ਪਾਰਟੀ ਅੰਦਰ ਆਤਿਸ਼ੀ 'ਤੇ ਭਰੋਸਾ ਜਤਾਇਆ। ਆਤਿਸ਼ੀ ਨੇ ਪਿਛਲੇ ਸਾਲ ਸਤੰਬਰ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਸਿਰਫ਼ ਪੰਜ ਮਹੀਨਿਆਂ ਵਿੱਚ ਉਹ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ।