ਅਤੀਕ-ਅਸ਼ਰਫ ਕਤਲਕਾਂਡ ਦੀ ਹੋਵੇ CBI ਜਾਂਚ, ਸਾਬਕਾ IPS ਵਲੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
Monday, Apr 17, 2023 - 01:57 PM (IST)
ਲਖਨਊ- ਅਧਿਕਾਰ ਸੈਨਾ ਦੇ ਕੌਮੀ ਪ੍ਰਧਾਨ ਅਤੇ ਸੇਵਾਮੁਕਤ IPS ਅਧਿਕਾਰੀ ਅਮਿਤਾਭ ਠਾਕੁਰ ਨੇ ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਲਈ ਸੁਪਰੀਮ ਕੋਰਟ 'ਚ ਰਿੱਟ ਪਟੀਸ਼ਨ ਦਾਇਰ ਕੀਤੀ ਹੈ। ਇਸ ਬਾਬਤ ਪਾਰਟੀ ਵਲੋਂ ਅੱਜ ਦਿੱਤੀ ਗਈ ਜਾਣਕਾਰੀ 'ਚ ਦੱਸਿਆ ਗਿਆ ਕਿ ਪਟੀਸ਼ਨ 'ਚ ਅਮਿਤਾਭ ਠਾਕੁਰ ਨੇ ਕਿਹਾ ਹੈ ਕਿ ਭਾਵੇਂ ਹੀ ਅਤੀਕ ਅਹਿਮਦ ਅਤੇ ਉਸ ਦਾ ਭਰਾ ਅਸ਼ਰਫ ਅਪਰਾਧੀ ਹੋਵੇ ਪਰ ਜਿਸ ਤਰ੍ਹਾਂ ਉਨ੍ਹਾਂ ਦੋਹਾਂ ਦਾ ਕਤਲ ਹੋਇਆ ਹੈ, ਉਹ ਕਈ ਸਵਾਲ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ- ਆਖ਼ਰ ਕਿਉਂ ਦਿੱਤੀ ਗਈ ਅਤੀਕ ਤੇ ਅਸ਼ਰਫ਼ ਨੂੰ ਦਰਦਨਾਕ ਮੌਤ, ਤਿੰਨੋਂ ਮੁਲਜ਼ਮਾਂ ਨੇ ਦੱਸੀ ਵੱਡੀ ਵਜ੍ਹਾ
ਇਸ ਦੋਹਰੇ ਕਤਲਕਾਂਡ ਮਗਰੋਂ ਉੱਤਰ ਪ੍ਰਦੇਸ਼ ਪੁਲਸ ਨੇ ਮਾਮਲੇ ਨੂੰ ਢਿੱਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਤੱਕ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਹੈ। ਭਾਵੇਂ ਹੀ ਕੋਈ ਵਿਅਕਤੀ ਅਪਰਾਧੀ ਕਿਉਂ ਨਾ ਹੋਵੇ ਪਰ ਕਿਸੇ ਵੀ ਵਿਅਕਤੀ ਦਾ ਪੁਲਸ ਹਿਰਾਸਤ 'ਚ ਕਤਲ ਕਰ ਦਿੱਤਾ ਜਾਣਾ ਵੀ ਸੱਭਿਆ ਸਮਾਜ 'ਚ ਮਨਜ਼ੂਰ ਨਹੀਂ ਹੈ। ਪਟੀਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਘਟਨਾ ਦੀ ਜਾਂਚ ਸਥਾਨਕ ਪੁਲਸ ਵਲੋਂ ਨਹੀਂ ਕਰਵਾਈ ਜਾ ਸਕਦੀ। ਇਸ ਦੀ ਨਿਰਪੱਖ ਜਾਂਚ ਸਿਰਫ਼ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੀ ਨਿਗਰਾਨੀ 'ਚ ਸੀ. ਬੀ. ਆਈ. ਵਲੋਂ ਹੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਜਦੋਂ ਦਿੱਲੀ 'ਚ ਚੱਲਦਾ ਸੀ ਮਾਫ਼ੀਆ ਦਾ ਸਿੱਕਾ, 2008 'ਚ ਅਤੀਕ ਦੀ ਵੋਟ ਨੇ ਬਚਾਈ ਸੀ ਮਨਮੋਹਨ ਸਰਕਾਰ
ਦੱਸਣਯੋਗ ਹੈ ਕਿ ਅਤੀਕ ਅਤੇ ਉਸ ਦੇ ਭਰਾ ਅਸ਼ਰਫ ਦਾ ਸ਼ਨੀਵਾਰ ਰਾਤ ਪ੍ਰਯਾਗਰਾਜ ਦੇ ਇਕ ਹਸਪਤਾਲ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ। ਦੋਹਾਂ ਭਰਾਵਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਮੀਡੀਆ ਦੇ ਭੇਸ 'ਚ ਆਏ ਤਿੰਨ ਅਪਰਾਧੀਆਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਨਾਲ ਮੁਕਾਬਲੇ 'ਚ ਅਤੀਕ ਦਾ ਬੇਟਾ ਅਸਦ ਅਤੇ ਉਸ ਦਾ ਸਹਿਯੋਗੀ ਗੁਲਾਮ ਮਾਰਿਆ ਗਿਆ ਸੀ। ਇਹ ਸਾਰੇ ਉਮੇਸ਼ ਪਾਲ ਕਤਲਕਾਂਡ ਦੇ ਮੁਲਜ਼ਮ ਸਨ, ਜਿਸ ਦਾ ਇਸੇ ਸਾਲ ਫਰਵਰੀ ਮਹੀਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।