ਉਮੇਸ਼ ਪਾਲ ਕਤਲਕਾਂਡ 'ਚ ਵੱਡੀ ਸਫ਼ਲਤਾ; ਅਤੀਕ ਅਹਿਮਦ ਦਾ ਪੁੱਤਰ ਅਸਦ ਐਨਕਾਊਂਟਰ 'ਚ ਢੇਰ
Thursday, Apr 13, 2023 - 01:27 PM (IST)
ਝਾਂਸੀ- ਮਾਫੀਆ ਡਾਨ ਅਤੀਕ ਅਹਿਮਦ ਦੇ ਪੁੱਤਰ ਅਸਦ ਦੇ ਐਨਕਾਊਂਟਰ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ STF ਦੀ ਟੀਮ ਨੇ ਅਸਦ ਨੂੰ ਝਾਂਸੀ 'ਚ ਮਾਰਿਆ ਹੈ। ਉਸ ਤੋਂ ਇਲਾਵਾ ਇਕ ਹੋਰ ਬਦਮਾਸ਼ ਗੁਲਾਮ ਨੂੰ ਵੀ ਪੁਲਸ ਨੇ ਢੇਰ ਕਰ ਦਿੱਤਾ ਹੈ। ਦੋਵੇਂ ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲਕਾਂਡ ਵਿਚ ਲੋੜੀਂਦੇ ਸਨ ਅਤੇ ਹਰੇਕ 'ਤੇ 5-5 ਲੱਖ ਰੁਪਏ ਦਾ ਇਨਾਮ ਸੀ। ਝਾਂਸੀ ਵਿਚ ਡੀ. ਐੱਸ. ਪੀ ਨਵੇਂਦੂ ਅਤੇ ਡੀ. ਐੱਸ. ਪੀ ਵਿਮਲ ਦੀ ਅਗਵਾਈ 'ਚ ਉੱਤਰ ਪ੍ਰਦੇਸ਼ STF ਟੀਮ ਨਾਲ ਮੁਕਾਬਲੇ ਦੌਰਾਨ ਦੋਵੇਂ ਮਾਰੇ ਗਏ ਹਨ। ਇਨ੍ਹਾਂ ਤੋਂ ਵਿਦੇਸ਼ 'ਚ ਬਣੇ ਅਤਿ-ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਉਮੇਸ਼ ਪਾਲ ਕਤਲ ਕੇਸ ਵਿਚ ਅਤੀਕ ਫ਼ਿਲਹਾਲ ਪ੍ਰਯਾਗਰਾਜ ਦੀ ਅਦਾਲਤ ਵਿਚ ਹੈ ਅਤੇ ਇਸ ਦਰਮਿਆਨ ਝਾਂਸੀ ਵਿਚ ਇਹ ਵੱਡੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- J&K 'ਚ ਸੁਰੱਖਿਆ ਦਸਤਿਆਂ ਨੇ ਡਰੋਨ ਨੂੰ ਡੇਗਿਆ, ਨਕਦੀ ਤੇ ਸੀਲਬੰਦ ਪੈਕੇਟ ਬਰਾਮਦ
ਉੱਤਰ ਪ੍ਰਦੇਸ਼ STF ਦੇ ADG ਅਮਿਤਾਭ ਯਸ਼ ਨੇ ਇਸ ਐਨਕਾਊਂਟਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੇ ਪਿੱਛੇ ਸਾਡੀ ਟੀਮ ਪਿਛਲੇ ਡੇਢ ਮਹੀਨੇ ਤੋਂ ਜੁਟੀ ਹੋਈ ਸੀ ਅਤੇ ਅੱਜ ਜਾ ਕੇ ਸਾਨੂੰ ਵੱਡੀ ਸਫ਼ਲਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਦਿਨ ਪਹਿਲਾਂ 5 ਮਿੰਟ ਦੇ ਫ਼ਾਸਲੇ ਤੋਂ ਇਹ ਦੋਵੇਂ ਲੋਕ ਗਾਇਬ ਹੋ ਗਏ ਸਨ ਅਤੇ ਚਕਮਾ ਦੇ ਕੇ ਦੌੜ ਗਏ ਸਨ। ਉਮੇਸ਼ ਪਾਲ ਦੇ ਕਤਲ ਦੇ ਮਾਮਲੇ ਵਿਚ ਅਤੀਕ ਅਹਿਮਦ ਦਾ ਪੁੱਤ ਅਸਦ ਲੋੜੀਂਦਾ ਸੀ ਅਤੇ ਉਸ 'ਤੇ 5 ਲੱਖ ਰੁਪਏ ਦਾ ਇਨਾਮ ਦਾ ਵੀ ਐਲਾਨ ਸੀ। ਇਸ ਕੇਸ ਵਿਚ ਗੁਲਾਮ ਵੀ ਲੋੜੀਂਦਾ ਸੀ। ਅਤੀਕ ਅਹਿਮਦ ਦੇ 5 ਪੁੱਤਾਂ ਵਿਚੋਂ ਅਸਦ ਤੀਜੇ ਨੰਬਰ 'ਤੇ ਸੀ।
ਇਹ ਵੀ ਪੜ੍ਹੋ- ਉਮੇਸ਼ ਪਾਲ ਅਗਵਾ ਮਾਮਲੇ 'ਚ ਮਾਫੀਆ ਅਤੀਕ ਅਹਿਮਦ ਸਣੇ 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ
ਦੱਸਣਯੋਗ ਹੈ ਕਿ ਸਾਲ 2005 'ਚ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਾਜੂ ਪਾਲ ਦੇ ਕਤਲ ਮਾਮਲੇ ਦੇ ਮੁੱਖ ਗਵਾਹ ਉਮੇਸ਼ ਪਾਲ ਅਤੇ ਉਸ ਦੇ ਦੋ ਸੁਰੱਖਿਆ ਗਾਰਡਾਂ ਦੀ ਇਸ ਸਾਲ 24 ਫਰਵਰੀ ਨੂੰ ਪ੍ਰਯਾਗਰਾਜ ਦੇ ਧੂਮਨਗੰਜ ਇਲਾਕੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਮੇਸ਼ ਪਾਲ ਦੀ ਪਤਨੀ ਜਯਾ ਪਾਲ ਦੀ ਸ਼ਿਕਾਇਤ 'ਤੇ 25 ਫਰਵਰੀ ਨੂੰ ਅਤੀਕ, ਉਸ ਦੇ ਛੋਟੇ ਭਰਾ ਅਸ਼ਰਫ, ਪਤਨੀ ਸ਼ਾਇਸਤਾ ਪਰਵੀਨ, ਦੋ ਪੁੱਤਾ, ਸਾਥੀ ਗੁੱਡੂ ਮੁਸਲਿਮ ਅਤੇ ਗੁਲਾਮ ਤੇ 9 ਹੋਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।