ਭੂਸ਼ਣ ਸਟੀਲ ‘ਬੈਂਕ ਧੋਖਾਦੇਹੀ’ ਮਾਮਲੇ ’ਚ 367 ਕਰੋੜ ਰੁਪਏ ਦੀ ਜਾਇਦਾਦ ਕੁਰਕ
Saturday, Mar 09, 2024 - 01:40 PM (IST)
ਨਵੀਂ ਦਿੱਲੀ-ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭੂਸ਼ਣ ਸਟੀਲ ਲਿਮਟਿਡ ਦੇ ਖਿਲਾਫ ਬੈਂਕ ਧੋਖਾਦੇਹੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਦੀ ਜਾਂਚ ਦੇ ਤਹਿਤ ਦਿੱਲੀ, ਮੁੰਬਈ, ਕੋਲਕਾਤਾ ਅਤੇ ਓਡਿਸ਼ਾ ਦੇ ਕੁਝ ਸ਼ਹਿਰਾਂ ਵਿਚ 367 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕੀਤੀ ਗਈ ਹੈ।
ਈ. ਡੀ. ਨੇ ਇਕ ਬਿਆਨ ਵਿਚ ਕਿਹਾ ਕਿ ਫਰਜ਼ੀ ਡਾਇਰੈਕਟਰਾਂ ਰਾਹੀਂ ਬੇਨਾਮੀਦਾਰਾਂ/ਫਰਜ਼ੀ ਕੰਪਨੀਆਂ ਦੇ ਨਾਂ ’ਤੇ ਕੀਤੀਆਂ ਗਈਆਂ ਜਾਇਦਾਦਾਂ ਨੂੰ ਕੁਰਕ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਇਕ ਅਸਥਾਈ ਆਦੇਸ਼ ਜਾਰੀ ਕੀਤਾ ਹੈ। ਭੂਸ਼ਣ ਸਟੀਲ ਲਿਮਟਿਡ (ਬੀ. ਐੱਸ. ਐੱਲ.) ਦਾ ਸਾਲ 2018 ਵਿਚ ਟਾਟਾ ਸਟੀਲ ਲਿਮਟਿਡ ਨੇ ਕਾਰਪੋਰੇਟ ਇਨਸੋਲਵੈਂਸੀ ਰੈਜ਼ੋਲੂਸ਼ਨ ਪ੍ਰਕਿਰਿਆ (ਸੀ. ਆਈ. ਆਰ. ਪੀ.) ਨੂੰ ਪੂਰਾ ਕਰਨ ਤੋਂ ਬਾਅਦ ਹਾਸਲ ਕੀਤਾ ਗਿਆ ਸੀ। ਈ. ਡੀ. ਨੇ ਬੀ. ਐੱਸ. ਐੱਲ., ਉਸਦੇ ਪ੍ਰਬੰਧ ਨਿਰਦੇਸ਼ਕ ਨੀਰਜ ਸਿੰਗਲ ਅਤੇ ਸਹਿਯੋਗੀਆਂ ’ਤੇ ‘ਕਈ ਫਰਜ਼ੀ ਕੰਪਨੀਆਂ’ ਬਣਾਉਣ ਦਾ ਵੀ ਦੋਸ਼ ਲਗਾਇਆ ਹੈ।
ਬਿਆਨ ਮੁਤਾਬਕ ਇਨ੍ਹਾਂ ਲੋਕਾਂ ਨੇ ਕਈ ਕੰਪਨੀਆਂ ਦੀ ਲੜੀ ਦੀ ਵਰਤੋਂ ਕਰਦੇ ਹੋਏ ਪੈਸੇ ਨੂੰ ਇਕ ਕੰਪਨੀ ਤੋਂ ਦੂਜੀ ਕੰਪਨੀ ਵਿਚ ਟਰਾਂਸਫਰ ਕੀਤਾ। ਇਹ ਪੈਸਾ ਪੂੰਜੀ ਨਿਵੇਸ਼, ਜਾਇਦਾਦ ਦੀ ਖਰੀਦ ਅਤੇ ਹੋਰ ਨਿੱਜੀ ਉਦੇਸ਼ਾਂ ਲਈ ਭੇਜਿਆ ਗਿਆ ਸੀ ਜਦਕਿ ਕਰਜ਼ਾ ਦੇਣ ਵਾਲੇ ਬੈਂਕਾਂ ਦਾ ਇਹ ਇਰਾਦਾ ਨਹੀਂ ਸੀ।