ਵਿਧਾਨ ਸਭਾ ਚੋਣਾਂ: ਰਾਜਸਥਾਨ ''ਚ ਪਹਿਲੀ ਵਾਰ ਸੁਰੱਖਿਆ ਦੀ ਜ਼ਿੰਮੇਵਾਰੀ ਔਰਤਾਂ ਦੇ ਮੌਢਿਆਂ ''ਤੇ

Tuesday, Oct 23, 2018 - 01:55 PM (IST)

ਝੁੰਝੁਨੂੰ (ਵਾਰਤਾ)— ਰਾਜਸਥਾਨ ਵਿਚ ਆਉਣ ਵਾਲੀ 7 ਦਸਬੰਰ 2018 ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਝੁੰਝੁਨੂੰ ਜ਼ਿਲੇ ਵਿਚ ਪਹਿਲੀ ਵਾਰ ਇਕ ਤਿਹਾਈ ਮਹਿਲਾ ਕਰਮਚਾਰੀ ਚੋਣਾਂ ਦੌਰਾਨ ਤਾਇਨਾਤ ਰਹਿਣਗੀਆਂ। ਜ਼ਿਲਾ ਕਲੈਕਟਰ ਦਿਨੇਸ਼ ਕੁਮਾਰ ਯਾਦਵ ਮੁਤਾਬਕ ਸ਼ਹਿਰੀ ਖੇਤਰਾਂ 'ਚ ਸਥਿਤ ਸਾਰੇ ਵੋਟਿੰਗ ਕੇਂਦਰ ਇਸ ਵਾਰ ਮਹਿਲਾ ਕਰਮਚਾਰੀ ਹੀ ਸੰਭਾਲਣਗੀਆਂ, ਇਸ ਦੇ ਨਾਲ ਹੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਔਰਤਾਂ ਦੇ ਹੱਥਾਂ ਵਿਚ ਹੀ ਹੋਵੇਗੀ। ਯਾਦਵ ਨੇ ਦੱਸਿਆ ਕਿ ਇਸ ਲਈ ਮਹਿਲਾ ਕਰਮਚਾਰੀਆਂ ਦੀ ਸਹੂਲੀਅਤ ਦੇ ਮੁਤਾਬਕ ਵੋਟਿੰਗ ਕੇਂਦਰਾਂ 'ਤੇ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਂਝ ਤਾਂ ਇਸ ਵਾਰ ਚੋਣ ਕਮਿਸ਼ਨ ਨੇ ਵੀ ਬਦਲਦੇ ਨਜ਼ਰੀਏ ਦੇ ਮੱਦੇਨਜ਼ਰ ਹਰ ਵਿਧਾਨ ਸਭਾ ਹਲਕੇ 'ਚ ਇਕ ਮਹਿਲਾ ਵੋਟਿੰਗ ਕੇਂਦਰ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਝੁੰਝੁਨੂੰ ਵਿਚ ਇਹ ਕੰਮ ਹੋਰ ਵੀ ਵਿਸਥਾਰ ਪੂਰਵਕ ਰੂਪ ਨਾਲ ਕੀਤਾ ਜਾ ਰਿਹਾ ਹੈ, ਜਿਸ 'ਚ ਸਾਰੇ ਸ਼ਹਿਰੀ ਵੋਟਿੰਗ ਕੇਂਦਰਾਂ 'ਚ ਮਹਿਲਾ ਕਰਮਚਾਰੀਆਂ ਨੂੰ ਲਾਉਣ ਤੋਂ ਇਲਾਵਾ ਪੇਂਡੂ ਖੇਤਰਾਂ ਵਿਚ ਵੀ ਮਹਿਲਾ ਕਰਮਚਾਰੀਆਂ ਨੂੰ ਲਾਏ ਜਾਣ ਦੀ ਯੋਜਨਾ ਹੈ। ਯਾਦਵ ਨੇ ਦੱਸਿਆ ਕਿ ਝੁੰਝੁਨੂੰ ਜ਼ਿਲੇ ਲਈ ਇਹ ਮਾਣ ਦੀ ਗੱਲ ਹੈ ਕਿ  ਝੁੰਝੁਨੂੰ ਵਿਚ ਸਰਕਾਰੀ ਸੇਵਾਵਾਂ ਵਿਚ ਪੁਰਸ਼ਾਂ ਦੀ ਬਜਾਏ ਮਹਿਲਾ ਕਰਮਚਾਰੀਆਂ ਦੀ ਹਿੱਸੇਦਾਰੀ ਦਾ ਫੀਸਦੀ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਕੁੱਲ 1770 ਵੋਟਿੰਗ ਕੇਂਦਰਾਂ ਲਈ ਕਰੀਬ 12 ਹਜ਼ਾਰ ਕਰਮਚਾਰੀਆਂ ਦੀ ਲੋੜ ਹੈ ਪਰ ਝੁੰਝੁਨੂੰ ਵਿਚ ਫਿਲਹਾਲ 8 ਹਜ਼ਾਰ ਹੀ ਅਜਿਹੇ ਪੁਰਸ਼ ਕਰਮਚਾਰੀ ਹਨ, ਜਿਨ੍ਹਾਂ ਨੂੰ ਡਿਊਟੀ 'ਤੇ ਲਾਇਆ ਜਾ ਸਕਦਾ ਹੈ। ਇਸ ਲਈ 4 ਹਜ਼ਾਰ ਦੇ ਕਰੀਬ ਮਹਿਲਾ ਕਰਮਚਾਰੀਆਂ ਨੂੰ ਇਸ ਵਾਰ ਡਿਊਟੀ ਦਿੱਤੀ ਜਾ ਰਹੀ ਹੈ, ਜੋ ਪਹਿਲੀ ਵਾਰ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਿਰਫ ਪੁਰਸ਼ ਕਰਮਚਾਰੀ ਹੀ ਵੋਟਾਂ ਵਾਲੇ ਦਿਨ ਡਿਊਟੀ ਦਿੰਦੇ ਸਨ।


Related News