EXIT POLL : 5 ਸੂਬਿਆਂ ਦੇ ‘ਪੋਲ ਆਫ ਪੋਲਸ’ ''ਚ ਵੀ 2 ਸੂਬਿਆਂ ''ਚ ਭਾਜਪਾ, 2 ''ਚ ਕਾਂਗਰਸ
Saturday, Dec 02, 2023 - 12:03 PM (IST)
ਨਵੀਂ ਦਿੱਲੀ, (ਇੰਟ.)- 5 ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿਚ ਪੋਲਿੰਗ ਤੋਂ ਬਾਅਦ ਪਹਿਲਾਂ ਐਗਜ਼ਿਟ ਪੋਲ ਅਤੇ ਹੁਣ ਉਸ ’ਤੇ ਆਧਾਰਿਤ ‘ਪੋਲ ਆਫ ਪੋਲਸ’ ਦੇ ਅੰਕੜੇ ਵੀ ਸਾਹਮਣੇ ਆਏ ਹਨ।
ਇਨ੍ਹਾਂ 5 ਸੂਬਿਆਂ ਵਿੱਚ 8 ਪ੍ਰਮੁੱਖ ਨਿਊਜ਼ ਸੰਗਠਨਾਂ ਅਤੇ ਸਰਵੇਖਣ ਏਜੰਸੀਆਂ ਨੇ ਐਗਜ਼ਿਟ ਪੋਲ ਕਰਵਾਏ ਹਨ। ਇਨ੍ਹਾਂ ਸਭ ਨੂੰ ਮਿਲਾ ਕੇ ‘ਪੋਲ ਆਫ ਪੋਲਸ’ ’ਚ ਲੇਖਾ-ਜੋਖਾ ਲਾਇਆ ਗਿਆ ਹੈ। ਇਸ ਹਿਸਾਬ ਨਾਲ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਛੱਤੀਸਗੜ੍ਹ ਤੇ ਤੇਲੰਗਾਨਾ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਮਿਜ਼ੋਰਮ ਵਿੱਚ ਲੰਗੜੀ ਵਿਧਾਨ ਸਭਾ ਬਣਨ ਦੀ ਸੰਭਾਵਨਾ ਹੈ।
ਰਾਜਸਥਾਨ : 8 ਐਗਜ਼ਿਟ ਪੋਲਾਂ ’ਚੋਂ 5 ’ਚ ਭਾਜਪਾ ਅਤੇ ਇਕ ’ਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ ਜਦਕਿ 2 ’ਚ ਉਹ ਸਰਕਾਰ ਬਣਾਉਣ ਦੇ ਨੇੜੇ ਦੱਸੀ ਜਾ ਰਹੀ ਹੈ। ‘ਪੋਲ ਆਫ ਪੋਲਸ’ ਵਿੱਚ ਭਾਜਪਾ ਨੂੰ 102, ਕਾਂਗਰਸ ਨੂੰ 86 ਅਤੇ ਹੋਰਨਾਂ ਨੂੰ 11 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੱਧ ਪ੍ਰਦੇਸ਼ : 8 ਐਗਜ਼ਿਟ ਪੋਲ ’ਚੋਂ 4 ਭਾਜਪਾ ਦੀ ਸੱਤਾ ’ਚ ਵਾਪਸੀ ਦੀ ਭਵਿੱਖਬਾਣੀ ਕਰ ਰਹੇ ਹਨ, ਜਦਕਿ 3 ਪੋਲ ਕਾਂਗਰਸ ਦੇ ਸਰਕਾਰ ਬਣਾਉਣ ਦੀ ਸੰਭਾਵਨਾ ਵਿਖਾ ਰਹੇ ਹਨ। ਇਕ ਪੋਲ ਇਸ ਨੂੰ ਸੱਤਾ ਦੇ ਨੇੜੇ ਵੀ ਵਿਖਾ ਰਿਹਾ ਹੈ। ‘ਪੋਲ ਆਫ ਪੋਲਸ’ ਵਿੱਚ ਭਾਜਪਾ ਨੂੰ 125, ਕਾਂਗਰਸ ਨੂੰ 100 ਅਤੇ ਹੋਰਾਂ ਨੂੰ 5 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਛੱਤੀਸਗੜ੍ਹ : ਸਾਰੇ 8 ਪੋਲ ਕਾਂਗਰਸ ਨੂੰ ਸੱਤਾ ਵਿੱਚ ਵਾਪਸ ਲਿਆ ਰਹੇ ਹਨ। ਇਨ੍ਹਾਂ ’ਚੋਂ 5 ਭਾਜਪਾ ਨੂੰ ਸੱਤਾ ਤੋਂ 4 ਤੋਂ 6 ਸੀਟਾਂ ਦੂਰ ਰੱਖ ਰਹੇ ਹਨ। ‘ਪੋਲ ਆਫ ਪੋਲਸ’ ’ਚ ਭਾਜਪਾ ਨੂੰ 39, ਕਾਂਗਰਸ ਨੂੰ 48 ਅਤੇ ਹੋਰਾਂ ਨੂੰ 3 ਸੀਟਾਂ ਮਿਲਣ ਦੀ ਉਮੀਦ ਹੈ।
ਤੇਲੰਗਾਨਾ : 6 ਪੋਲ ਜਾਰੀ ਹੋਏ ਹਨ। ਇਨ੍ਹਾਂ ’ਚੋਂ 5 ਪੋਲ ਕਾਂਗਰਸ ਦੇ ਪਹਿਲੀ ਵਾਰ ਸੱਤਾ ਵਿੱਚ ਆਉਣ ਦੀ ਭਵਿੱਖਬਾਣੀ ਕਰ ਰਹੇ ਹਨ ਜਦਕਿ ਇੱਕ ਨੇ ਕਿਹਾ ਹੈ ਕਿ ਉਹ ਸੱਤਾ ਦੇ ਨੇੜੇ ਹੈ। ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ ਕਿਸੇ ਵੀ ਪੋਲ ਵਿੱਚ ਸੱਤਾ ਵਿੱਚ ਆਉਂਦੀ ਨਜ਼ਰ ਨਹੀਂ ਆ ਰਹੀ। ‘ਪੋਲ ਆਫ ਪੋਲਸ’ ਵਿੱਚ ਬੀ.ਆਰ.ਐੱਸ ਨੂੰ 44, ਕਾਂਗਰਸ ਨੂੰ 64, ਭਾਜਪਾ ਨੂੰ 7 ਅਤੇ ਹੋਰਨਾਂ ਨੂੰ ਵੀ 7 ਸੀਟਾਂ ਮਿਲਣ ਦੀ ਉਮੀਦ ਪ੍ਰਗਟਾਈ ਗਈ ਹੈ।
ਮਿਜ਼ੋਰਮ : 5 ਵਿੱਚੋਂ ਇੱਕ ਐਗਜ਼ਿਟ ਪੋਲ ਮੁਤਾਬਕ ਇੱਥੇ ਜੋਰਮ ਪੀਪਲਜ਼ ਮੂਵਮੈਂਟ ਦੀ ਸਰਕਾਰ ਬਣੇਗੀ। ਬਾਕੀ 4 ਪੋਲਾਂ ਵਿੱਚ ਹੰਗ ਅਸੈਂਬਲੀ ਦਾ ਅਨੁਮਾਨ ਲਾਇਆ ਗਿਆ ਹੈ। ‘ਪੋਲ ਆਫ ਪੋਲਸ’ ਵਿਚ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ ਨੂੰ 15, ਜ਼ੈੱਡ. ਪੀ. ਐਮ. ਨੂੰ 16, ਕਾਂਗਰਸ ਨੂੰ 7 ਅਤੇ ਭਾਜਪਾ ਨੂੰ ਇਕ ਸੀਟ ਮਿਲਣ ਦੀ ਉਮੀਦ ਪ੍ਰਗਟਾਈ ਗਈ ਹੈ।