ਚੋਟੀ ਦੇ ਉਲਫਾ ਕਮਾਂਡਰ, ਬਾਡੀਗਾਰਡ ਨੇ ਭਾਰਤ-ਮਿਆਂਮਾਰ ਸਰਹੱਦ ’ਤੇ ਆਤਮਸਮਰਪਣ ਕੀਤਾ
Monday, Nov 24, 2025 - 05:54 PM (IST)
ਗੁਹਾਟੀ, (ਯੂ. ਐੱਨ. ਆਈ.)- ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਮ (ਉਲਫਾ) ਦੇ ਐਂਟੀ-ਟਾਕ ਗਰੁੱਪ ਦੇ ਇਕ ਚੋਟੀ ਦੇ ਕਮਾਂਡਰ ਅਤੇ ਉਸ ਦੇ ਇਕ ਸਾਥੀ ਨੇ ਐਤਵਾਰ ਨੂੰ ਆਸਾਮ ਰਾਈਫਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਅਰੁਣੋਦੋਈ ਦਹੋਤੀਆ ਉਰਫ ਬਿਜਿਤ ਗੋਗੋਈ ਨਾਂ ਦਾ ਇਹ ਕਮਾਂਡਰ, ਸੰਗਠਨ ਦੀ 709 ਕੰਪਨੀ ਨਾਲ ਜੁੜਿਆ ਸੀ, ਜਿਸ ਨੂੰ ਉਲਫਾ (ਇੰਡੀਪੈਂਡੈਂਟ) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਦਹੋਤੀਆ ਨੂੰ ਉਲਫਾ (ਆਈ.) ਚੀਫ ਈਸਵਰ ਬਰੁਆ ਦਾ ਭਰੋਸੇਮੰਦ ਸਾਥੀ ਵੀ ਮੰਨਿਆ ਜਾਂਦਾ ਹੈ।
ਦਹੋਤੀਆ ਦੇ ਨਾਲ ਉਸ ਦੇ ਇਕ ਬਾਡੀਗਾਰਡ, ਫਰਾਂਸਿਸ ਅਸੋਮ ਨੇ ਵੀ ਆਤਮਸਮਰਪਣ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਦਹੋਤੀਆ ਨੇ ਫਰਾਂਸਿਸ ਅਸੋਮ ਨਾਲ ਅਰੁਣਾਚਲ ਪ੍ਰਦੇਸ਼ ’ਚ ਭਾਰਤ-ਮਿਆਂਮਾਰ ਸਰਹੱਦ ’ਤੇ ਪੰਗਸੌ ਪਾਸ ਦੇ ਕੋਲ ਆਸਾਮ ਰਾਈਫਲਸ ਦੇ ਸਾਹਮਣੇ ਆਤਮਸਮਰਪਣ ਕੀਤਾ। ਦਹੋਤੀਆ 2018 ’ਚ ਆਸਾਮ ਪੁਲਸ ਦੇ ਅਧਿਕਾਰੀ ਭਾਸਕਰ ਕਲਿਤਾ ’ਤੇ ਹਮਲਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਅਤੇ ਆਸਾਮ ਦੇ ਜ਼ੋਰਹਾਟ ਜ਼ਿਲੇ ’ਚ ਇਕ ਮਿਲਟਰੀ ਸਟੇਸ਼ਨ ’ਤੇ ਗ੍ਰੇਨੇਡ ਹਮਲੇ ਸਮੇਤ ਵੱਖ-ਵੱਖ ਅੱਤਵਾਦੀ ਸਰਗਰਮੀਆਂ ’ਚ ਲੋੜੀਂਦਾ ਸੀ।
