ਮਿਆਂਮਾਰ ਦੀ ਫੌਜ ਨੂੰ ਰੂਸ ਅਤੇ ਚੀਨ ਤੋਂ ਮਿਲੇ ਹੈਲੀਕਾਪਟਰ ਅਤੇ ਜਹਾਜ਼
Thursday, Nov 13, 2025 - 11:41 AM (IST)
ਬੈਂਕਾਕ (ਏ.ਪੀ.)- ਮਿਆਂਮਾਰ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਹਵਾਈ ਫੌਜ ’ਚ ਰੂਸੀ ਹੈਲੀਕਾਪਟਰਾਂ ਅਤੇ ਚੀਨੀ ਜਹਾਜ਼ਾਂ ਨੂੰ ਸ਼ਾਮਲ ਕੀਤਾ ਹੈ। ਮਿਆਂਮਾਰ ’ਚ ਖੂਨੀ ਗ੍ਰਹਿ ਯੁੱਧ ਦੀ ਸਮਾਪਤੀ ਨੂੰ ਲੈ ਕੇ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਦੋਵੇਂ ਦੇਸ਼ ਅਜੇ ਵੀ ਮਿਆਂਮਾਰ ਸਰਕਾਰ ਨੂੰ ਉਪਕਰਣਾਂ ਦੀ ਸਪਲਾਈ ਕਰ ਰਹੇ ਹਨ।
ਸੰਯੁਕਤ ਰਾਸ਼ਟਰ ਦੇ ਅਨੁਸਾਰ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਹੋਰ ਦੇਸ਼ਾਂ ਨੇ ਮਿਆਂਮਾਰ ’ਤੇ ਪਾਬੰਦੀਆਂ ਲਾਈਆਂ ਹਨ, ਜਿਨ੍ਹਾਂ ’ਚ ਹਥਿਆਰਾਂ ਦੀ ਵਿਕਰੀ ’ਤੇ ਰੋਕ ਵੀ ਸ਼ਾਮਲ ਹੈ। ਹਾਲਾਂਕਿ, ਰੂਸ ਅਤੇ ਚੀਨ ਲਗਾਤਾਰ ਮਿਆਂਮਾਰ ਦੀ ਫੌਜ ਨੂੰ ਕਰੋੜਾਂ ਡਾਲਰ ਦੇ ਉਪਕਰਣ ਮੁਹੱਈਆ ਕਰਾ ਰਹੇ ਹਨ। ਫੌਜ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ 3 ਰੂਸੀ ਐੱਮ.ਆਈ.-38ਟੀ ਹੈਲੀਕਾਪਟਰ ਅਤੇ 2 ਚੀਨੀ ਵਾਈ-8 ਜਹਾਜ਼ ਪ੍ਰਾਪਤ ਹੋਏ ਹਨ।
