2041 ਤੱਕ ਆਸਾਮ ’ਚ ਹਿੰਦੂਆਂ ਦੇ ਬਰਾਬਰ ਹੋ ਜਾਏਗੀ ਮੁਸਲਿਮ ਆਬਾਦੀ : ਸਰਮਾ
Wednesday, Jul 23, 2025 - 11:14 PM (IST)

ਡਿਬਰੂਗੜ੍ਹ, (ਭਾਸ਼ਾ)- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਜੇਕਰ ਮੌਜੂਦਾ ਵਿਕਾਸ ਦਰ ਜਾਰੀ ਰਹੀ ਤਾਂ ਆਸਾਮ ਵਿਚ ਮੁਸਲਮਾਨਾਂ ਦੀ ਆਬਾਦੀ ਹਿੰਦੂਆਂ ਦੇ ਲੱਗਭਗ ਬਰਾਬਰ ਹੋ ਜਾਵੇਗੀ। ਸਰਮਾ ਨੇ ਇਥੇ ਕੈਬਨਿਟ ਮੀਟਿੰਗ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਲੱਗਭਗ 34 ਫੀਸਦੀ ਮੁਸਲਮਾਨਾਂ ਵਿਚੋਂ 31 ਫੀਸਦੀ ਉਹ ਹਨ ਜੋ ਪਹਿਲਾਂ ਆਸਾਮ ਵਿਚ ਬਾਹਰੋਂ ਆ ਕੇ ਵਸ ਗਏ ਸਨ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ 34 ਫੀਸਦੀ ਆਬਾਦੀ ਮੁਸਲਮਾਨਾਂ ਦੀ ਹੈ।
ਸੂਬੇ ਦੀ ਕੁੱਲ ਮੁਸਲਿਮ ਆਬਾਦੀ ਵਿਚੋਂ 3 ਫੀਸਦੀ ਹੀ ਸਵਦੇਸੀ ਆਸਾਮੀ ਮੁਸਲਮਾਨ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੰਕੜੇ ਅਤੇ ਪਿਛਲੀ ਮਰਦਮਸ਼ੁਮਾਰੀ ਦੇ ਰਿਕਾਰਡ ਦਰਸਾਉਂਦੇ ਹਨ ਕਿ ਹੁਣ ਤੋਂ ਕੁਝ ਸਾਲਾਂ ਬਾਅਦ ਆਸਾਮ ਦੀ ਮੁਸਲਿਮ ਆਬਾਦੀ 50 ਫੀਸਦੀ ਦੇ ਨੇੜੇ ਪਹੁੰਚ ਜਾਵੇਗੀ। 2011 ਦੀ ਮਰਦਮਸ਼ੁਮਾਰੀ ਅਨੁਸਾਰ ਆਸਾਮ ਦੀ ਕੁੱਲ ਮੁਸਲਿਮ ਆਬਾਦੀ 1.07 ਕਰੋੜ ਸੀ, ਜੋ ਕਿ ਸੂਬੇ ਦੀ ਕੁੱਲ ਆਬਾਦੀ 3.12 ਕਰੋੜ ਦਾ 34.22 ਫੀਸਦੀ ਸੀ। ਸੂਬੇ ਵਿਚ 1.92 ਕਰੋੜ ਹਿੰਦੂ ਸਨ, ਜੋ ਕਿ ਕੁੱਲ ਆਬਾਦੀ ਦਾ ਲੱਗਭਗ 61.47 ਫੀਸਦੀ ਸੀ।