ਆਸਾਮ : ਪਿੰਡ ਦੀ ''ਕੰਗਾਰੂ ਅਦਾਲਤ'' ਦੇ ਫ਼ੈਸਲੇ ਤੋਂ ਬਾਅਦ ਪਿੰਡ ਵਾਲਿਆਂ ਨੇ ਵਿਅਕਤੀ ਨੂੰ ਜਿਉਂਦੇ ਸਾੜਿਆ

Sunday, Jul 10, 2022 - 04:57 PM (IST)

ਆਸਾਮ : ਪਿੰਡ ਦੀ ''ਕੰਗਾਰੂ ਅਦਾਲਤ'' ਦੇ ਫ਼ੈਸਲੇ ਤੋਂ ਬਾਅਦ ਪਿੰਡ ਵਾਲਿਆਂ ਨੇ ਵਿਅਕਤੀ ਨੂੰ ਜਿਉਂਦੇ ਸਾੜਿਆ

ਗੁਹਾਟੀ/ਮੋਰੀਗਾਂਵ (ਭਾਸ਼ਾ)- ਆਸਾਮ ਦੇ ਨਗਾਂਵ ਜ਼ਿਲ੍ਹੇ ਦੇ ਇਕ ਪਿੰਡ 'ਚ 'ਕੰਗਾਰੂ ਅਦਾਲਤ' (ਗੈਰ-ਕਾਨੂੰਨੀ ਅਦਾਲਤ) ਵੱਲੋਂ ਫੈਸਲਾ ਸੁਣਾਏ ਜਾਣ ਤੋਂ ਬਾਅਦ ਇਕ ਵਿਅਕਤੀ ਨੂੰ ਜਿਉਂਦੇ ਸਾੜ ਦਿੱਤਾ ਗਿਆ। ਵਿਅਕਤੀ 'ਤੇ ਇਕ ਔਰਤ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਲੀਨਾ ਡੋਲੇ ਨੇ ਦੱਸਿਆ ਕਿ ਪੁਲਸ ਨੇ 35 ਸਾਲਾ ਰਣਜੀਤ ਬੋਰਦੋਲੋਈ ਨੂੰ ਅੱਗ ਲਗਾਉਣ ਦੇ ਦੋਸ਼ 'ਚ ਤਿੰਨ ਔਰਤਾਂ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਸਮਗੁਦੀ ਥਾਣਾ ਖੇਤਰ ਦੇ ਅਧੀਨ ਬੋਰਲਾਲੁਨਗਾਂਵ ਅਤੇ ਬ੍ਰਹਮਪੁਰ ​​ਬਾਮੁਨੀ 'ਚ ਸ਼ਨੀਵਾਰ ਰਾਤ ਨੂੰ ਵਾਪਰੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਕ ਤਾਲਾਬ 'ਚੋਂ 22 ਸਾਲਾ ਔਰਤ ਦੀ ਲਾਸ਼ ਬਰਾਮਦ ਹੋਣ 'ਤੇ ਜਨਤਕ ਸੁਣਵਾਈ ਉਦੋਂ ਹੋਈ, ਜਦੋਂ ਇਕ ਹੋਰ ਔਰਤ ਨੇ ਦਾਅਵਾ ਕੀਤਾ ਕਿ ਉਹ ਕਤਲ ਦੀ ਇਸ ਘਟਨਾ ਦੀ ਚਸ਼ਮਦੀਦ ਗਵਾਹ ਹੈ।

ਇਹ ਵੀ ਪੜ੍ਹੋ : ਪਤਨੀ ਨਾਲ ਝਗੜੇ ਤੋਂ ਬਾਅਦ 2 ਸਾਲਾ ਧੀ ਨੂੰ ਮਾਰ ਕੇ ਪਤੀ ਕਰਨਾ ਚਾਹੁੰਦਾ ਸੀ ਸੁਸਾਈਡ, ਪੁਲਸ ਨੇ ਇਸ ਤਰ੍ਹਾਂ ਬਚਾਈ ਜਾਨ

ਉਨ੍ਹਾਂ ਦੱਸਿਆ ਕਿ ਉਕਤ ਔਰਤ ਨੇ ਬੋਰਦੋਲੋਈ ਸਮੇਤ 5 ਵਿਅਕਤੀਆਂ ਨੂੰ ਕਥਿਤ ਤੌਰ 'ਤੇ ਔਰਤ ਦਾ ਕਤਲ ਕਰਦੇ ਦੇਖਿਆ ਸੀ | ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਦੋਸ਼ੀ ਨੂੰ ਉਸ ਦੇ ਘਰ ਤੋਂ ਘਸੀਟ ਕੇ ਇਕ ਦਰੱਖਤ ਨਾਲ ਬੰਨ੍ਹ ਦਿੱਤਾ, ਜਿਸ ਤੋਂ ਬਾਅਦ ਜਨਤਕ ਸੁਣਵਾਈ ਕੀਤੀ ਗਈ। ਪੁਲਸ ਅਧਿਕਾਰੀ ਨੇ ਦੱਸਿਆ,''ਉਸ ਆਦਮੀ ਨੂੰ ਕੁੱਟਿਆ ਗਿਆ ਅਤੇ ਫਿਰ ਜਿਉਂਦੇ ਸਾੜ ਦਿੱਤਾ ਗਿਆ। ਉਸ ਤੋਂ ਬਾਅਦ, ਪਿੰਡ ਵਾਸੀਆਂ ਨੇ ਝੁਲਸੀ ਹੋਈ ਲਾਸ਼ ਨੂੰ ਦਫ਼ਨਾ ਦਿੱਤੀ।'' ਬੋਰਦੋਲੋਈ ਨੇ ਕਥਿਤ ਤੌਰ 'ਤੇ ਔਰਤ ਦੇ ਕਤਲ ਦਾ ਜੁਰਮ ਕਬੂਲ ਕੀਤਾ ਸੀ। ਅਧਿਕਾਰੀ ਨੇ ਦੱਸਿਆ,''ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਵਿਅਕਤੀ ਨੇ ਜਾਦੂ-ਟੂਣਾ ਕਰਦੇ ਹੋਏ ਔਰਤ ਦਾ ਕਤਲ ਕੀਤਾ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਵੀ ਇਹੀ ਸਜ਼ਾ ਦੇਣ ਦਾ ਫੈਸਲਾ ਕੀਤਾ।'' ਕਬਰ ਖੋਦ ਕੇ ਲਾਸ਼ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਅਧਿਕਾਰੀ ਨੇ ਕਿਹਾ ਕਿ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਖੇਤਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News