26 ਮਾਰਚ ਤੋਂ ਲੋਕਾਂ ਲਈ ਖੁੱਲ੍ਹੇਗਾ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ
Friday, Mar 21, 2025 - 06:06 PM (IST)

ਸ਼੍ਰੀਨਗਰ- ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਸਥਿਤ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ 26 ਮਾਰਚ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਡੱਲ ਝੀਲ ਅਤੇ ਜ਼ਬਰਵਾਨ ਪਹਾੜੀਆਂ ਦੇ ਵਿਚਕਾਰ ਸਥਿਤ ਇਹ ਟਿਊਲਿਪ ਗਾਰਡਨ ਕਸ਼ਮੀਰ ਘਾਟੀ 'ਚ ਸੈਲਾਨੀ ਸੀਜ਼ਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਇੱਥੇ ਸੈਲਾਨੀ ਸੀਜ਼ਨ ਨੂੰ ਵਧਾਉਣ ਲਈ ਸਾਲ 2007 'ਚ 'ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ' ਦੀ ਸਥਾਪਨਾ ਕੀਤੀ ਸੀ। ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੈਰ-ਸਪਾਟਾ ਸੀਜ਼ਨ ਸਿਰਫ਼ ਗਰਮੀਆਂ ਅਤੇ ਸਰਦੀਆਂ ਤੱਕ ਸੀਮਿਤ ਸੀ। ਫੁੱਲਾਂ ਦੀ ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 'ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ' ਪਹਿਲਾਂ ਸਿਰਾਜ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਸੀ।
ਉਨ੍ਹਾਂ ਦੱਸਿਆ ਕਿ ਇਹ ਬਾਗ਼ ਹੁਣ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ ਕਿਉਂਕਿ ਇੱਥੇ ਵੱਖ-ਵੱਖ ਰੰਗਾਂ ਦੇ ਟਿਊਲਿਪਸ ਖਿੜਣੇ ਸ਼ੁਰੂ ਹੋ ਗਏ ਹਨ। ਟਿਊਲਿਪ ਗਾਰਡਨ ਦੇ ਸਹਾਇਕ ਫਲੋਰੀਕਲਚਰ ਅਫਸਰ ਆਸਿਫ਼ ਅਹਿਮਦ ਨੇ ਦੱਸਿਆ,"ਇਹ ਬਾਗ਼ 26 ਮਾਰਚ ਨੂੰ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ।" ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਇਸ ਬਾਗ਼ ਨੂੰ ਜਨਤਾ ਲਈ ਖੋਲ੍ਹਣਗੇ। ਅਹਿਮਦ ਨੇ ਕਿਹਾ ਕਿ ਵਿਭਾਗ ਨੇ ਇਸ ਸਾਲ ਬਾਗ਼ 'ਚ ਟਿਊਲਿਪ ਦੀਆਂ 2 ਨਵੀਆਂ ਕਿਸਮਾਂ ਲਗਾਈਆਂ ਹਨ। ਉਨ੍ਹਾਂ ਦੱਸਿਆ,“ਹਰ ਸਾਲ ਅਸੀਂ ਟਿਊਲਿਪ ਗਾਰਡਨ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਸ ਸਾਲ ਟਿਊਲਿਪਸ ਦੀਆਂ 2 ਨਵੀਆਂ ਕਿਸਮਾਂ ਸ਼ਾਮਲ ਕੀਤੀਆਂ ਹਨ, ਜਿਸ ਨਾਲ ਇਸ ਦੀ ਕੁੱਲ ਗਿਣਤੀ 74 ਹੋ ਗਈ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e