ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਨੇ ਕੰਮ ਦੀ ਪ੍ਰਗਤੀ ਦਾ ਲਿਆ ਜਾਇਜ਼ਾ
Monday, Feb 28, 2022 - 09:34 PM (IST)
ਜੈਤੋ (ਰਘੂਨੰਦਨ ਪਰਾਸ਼ਰ)-ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਸੋਮਵਾਰ ਕਿਹਾ ਕਿ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਨੇ ਅੱਜ ਉੱਤਰੀ ਰੇਲਵੇ ਦੇ ਡਵੀਜ਼ਨਲ ਰੇਲਵੇ ਮੈਨੇਜਰਾਂ ਅਤੇ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ। ਰੇਲਵੇ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੀਟਿੰਗ ’ਚ ਸੁਰੱਖਿਆ, ਗਤੀਸ਼ੀਲਤਾ ਵਾਧਾ, ਸਮੇਂ ਦੀ ਪਾਬੰਦੀ ਅਤੇ ਮਾਲ ਭਾੜਾ ਵਪਾਰ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੁਰੱਖਿਆ ਉੱਤਰੀ ਰੇਲਵੇ ਦੀ ਤਰਜੀਹ ਹੈ। ਜਨਰਲ ਮੈਨੇਜਰ ਨੇ ਪਿਛਲੇ ਹਫ਼ਤੇ ਵਾਪਰੀਆਂ ਵੱਖ-ਵੱਖ ਘਟਨਾਵਾਂ ਬਾਰੇ ਚਰਚਾ ਕੀਤੀ। ਪੱਟੜੀਆਂ ਅਤੇ ਵੈਲਡਾਂ ’ਚ ਤਰੇੜਾਂ, ਢਲਾਣਾਂ, ਯਾਰਡਾਂ ’ਚ ਡਾਇਵਰਸ਼ਨ ਦੀਆਂ ਘਟਨਾਵਾਂ ਅਤੇ ਓ.ਐੱਚ. ਈ. ਦੀਆਂ ਅਸਫਲਤਾਵਾਂ ਬਾਰੇ ਵਿਸਥਾਰ ’ਚ ਚਰਚਾ ਕੀਤੀ ਗਈ। ਫਰਵਰੀ, 2022 ਤੱਕ 688.55 ਕਿਲੋਮੀਟਰ ਸੈਕਸ਼ਨਾਂ ਵਿਚ ਰਫ਼ਤਾਰ ਦੀ ਹੱਦ ਨੂੰ ਵਧਾਇਆ ਗਿਆ ਅਤੇ 433.31 ਕਿਲੋਮੀਟਰ ਲੂਪ ਲਾਈਨਾਂ ’ਚ ਰਫ਼ਤਾਰ ਦੀ ਹੱਦ ਨੂੰ 30 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ-ਮੁੰਬਈ ਅਤੇ ਨਵੀਂ ਦਿੱਲੀ-ਹਾਵੜਾ ਰੇਲ ਮਾਰਗਾਂ ’ਤੇ ਰਫ਼ਤਾਰ ਦੀ ਹੱਦ 160 ਕਿਲੋਮੀਟਰ ਪ੍ਰਤੀ ਘੰਟਾ ਨੂੰ ਛੂਹ ਗਈ । ਜ਼ੋਨ ਦੀ ਮੌਜੂਦਾ ਸਮੇਂ ਦੀ ਪਾਬੰਦੀ ਔਸਤ 85% ਰਹੀ। ਮੇਲ/ਐਕਸਪ੍ਰੈਸ ਰੇਲ ਗੱਡੀਆਂ ਦੀ ਸਮੇਂ ਦੀ ਪਾਬੰਦੀ ਨੂੰ ਸੁਧਾਰਨ ਦੇ ਉਪਾਵਾਂ ਬਾਰੇ ਵਿਸਥਾਰ ’ਚ ਚਰਚਾ ਕੀਤੀ ਗਈ। ਬਹੁਤ ਮੁਸ਼ਕਿਲ ਜਲੰਧਰ-ਪਠਾਨਕੋਟ-ਜੰਮੂਤਵੀ, ਕਠੂਆ-ਮਾਧੋਪੁਰ ਸੈਕਸ਼ਨ, ਉਤਰੇਤੀਆ-ਰਾਏਬਰੇਲੀ ਅਤੇ ਰਾਏਬਰੇਲੀ-ਅਮੇਠੀ ਅਤੇ ਆਲਮਨਗਰ-ਉਤਰੇਤੀਆ, ਰੋਜ਼ਾ-ਸੀਤਾਪੁਰ, ਜੌਨਪੁਰ-ਅਕਬਰਪੁਰ, ਬਾਰਾਬੰਕੀ-ਅਕਬਰਪੁਰ ਅਤੇ ਰਾਜਪੁਰਾ-ਬਠਿੰਡਾ ਦੇ ਪ੍ਰੋਜੈਕਟਾਂ ਬਾਰੇ ਚਰਚਾ ਕੀਤੀ ਗਈ। ਸਟੇਸ਼ਨਾਂ, ਫੁੱਟ-ਓਵਰਬ੍ਰਿਜਾਂ, ਪਲੇਟਫਾਰਮਾਂ ਦੇ ਲੈਵਲ ਅਤੇ ਸ਼ੈਲਟਰਾਂ ਨੂੰ ਵਧਾਉਣ ਵਰਗੇ ਵਿਸ਼ਿਆਂ ਨੂੰ ਵੀ ਮੀਟਿੰਗ ’ਚ ਵੀ ਉਠਾਇਆ ਗਿਆ। ਜਨਰਲ ਮੈਨੇਜਰ ਨੇ ਲੋਕੋ, ਕੋਚਾਂ ਅਤੇ ਵੈਗਨਾਂ ਦੇ ਰੱਖ-ਰਖਾਅ ਦੀਆਂ ਸਥਿਤੀਆਂ ਅਤੇ ਉਨ੍ਹਾਂ ਦੇ ਸਮੇਂ ਤੋਂ ਟਰਨ-ਅਰਾਊਂਡ ਬਾਰੇ ਵੀ ਗੱਲ ਕੀਤੀ। ਇਸ ਤੋਂ ਇਲਾਵਾ ਮੀਟਿੰਗ ’ਚ ਕਰਮਚਾਰੀ ਮਾਮਲਿਆਂ, ਸਿਖਲਾਈ, ਰੱਖ-ਰਖਾਅ ਅਤੇ ਨਿਯੁਕਤੀਆਂ ਆਦਿ ਵਿਸ਼ਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।