‘ਕਿਸਾਨ ਅੰਦੋਲਨ ਦਾ ਹੱਲ ਦੋ ਮਿੰਟ ’ਚ ਸੰਭਵ ਪਰ ਜ਼ਿੱਦ ’ਤੇ ਅੜੀ ਮੋਦੀ ਸਰਕਾਰ’
Saturday, Feb 27, 2021 - 04:51 PM (IST)
ਰਾਜਸਥਾਨ (ਭਾਸ਼ਾ)— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨੀਵਾਰ ਨੂੰ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਦਾ ਹੱਲ ਦੋ ਮਿੰਟ ਵਿਚ ਨਿਕਲ ਸਕਦਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਜ਼ਿੱਦ ’ਤੇ ਅੜੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਜ਼ਿੱਦ ਚੰਗੀ ਨਹੀਂ ਹੁੰਦੀ। ਦਰਅਸਲ ਗਹਿਲੋਤ ਸ਼ਨੀਵਾਰ ਯਾਨੀ ਕਿ ਅੱਜ ਡੂੰਗਰਗੜ੍ਹ (ਬੀਕਾਨੇਰ) ’ਚ ਕਿਸਾਨ ਪੰਚਾਇਤ ਨੂੰ ਸੰਬੋਧਿਤ ਕਰ ਰਹੇ ਸਨ। ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਗਹਿਲੋਤ ਨੇ ਕਿਹਾ ਕਿ ਸਰਕਾਰਾਂ ਨੂੰ ਵੋਟਰਾਂ, ਚਾਹੇ ਉਹ ਕਿਸਾਨ ਹੋਣ ਜਾਂ ਮਜ਼ਦੂਰ, ਸਨਮਾਨ ਨਾਲ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 100 ਦਿਨ ਹੋਣ ਨੂੰ ਆਏ ਹਨ, 200 ਲੋਕ ਮਾਰੇ ਗਏ, ਪਤਾ ਨਹੀਂ ਕਦੋ ਤੱਕ ਇਹ ਅੰਦੋਲਨ ਚੱਲੇਗਾ।
ਗਹਿਲੋਤ ਨੇ ਅੱਗੇ ਕਿਹਾ ਕਿ ਕੀ ਇਹ ਤਰੀਕਾ ਚੰਗਾ ਹੈ ਲੋਕਤੰਤਰ ਵਿਚ? ਕੀ ਕੋਈ ਰਾਹ ਨਹੀਂ ਨਿਕਲ ਸਕਦਾ? ਤੁਸੀਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਖਤਮ ਕਰ ਦਿਓ। ਕਿਸਾਨਾਂ ਨੂੰ ਬੁਲਾ ਕੇ ਗੱਲ ਕਰੋ। ਵਿਰੋਧੀ ਧਿਰ ਨੂੰ ਪੁੱੱਛ ਕੇ ਨਵੇਂ ਕਾਨੂੰਨ ਪਾਸ ਕਰੋ। ਦੋ ਮਿੰਟ ਵਿਚ ਹੱਲ ਨਿਕਲ ਸਕਦਾ ਹੈ ਪਰ ਸਰਕਾਰ ਜ਼ਿੱਦ ’ਤੇ ਅੜੀ ਹੋਈ ਹੈ। ਸਰਕਾਰ ਨੂੰ ਨਿਮਰਤਾ ਦਿਖਾਉਣੀ ਚਾਹੀਦਾ ਹੈ ਅਤੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਕਿਸਾਨਾਂ ਦੀ ਤਕਲੀਫ਼ ਨੂੰ ਸਮਝਣਾ ਚਾਹੀਦਾ ਹੈ। ਮੋਦੀ ਅਤੇ ਅਮਿਤ ਸ਼ਾਹ ਨੂੰ ਰਾਤ ਨੂੰ ਨੀਂਦ ਕਿਵੇਂ ਆਉਂਦੀ ਹੋਵੇਗੀ, ਇਹ ਸਮਝ ਤੋਂ ਪਰ੍ਹੇ ਹੈ। ਗਹਿਲੋਤ ਨੇ ਕਿਹਾ ਕਿ ਲੋਕਤੰਤਰ ’ਚ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਪਰ ਦੇਸ਼ ਵਿਚ ਅਜਿਹਾ ਮਾਹੌਲ ਕਦੇ ਨਹੀਂ ਵੇਖਿਆ ਗਿਆ। ਸਰਕਾਰ ਦੇ ਰਵੱਈਏ ਤੋਂ ਦੁਨੀਆ ਭਰ ਵਿਚ ਭਾਰਤ ਦਾ ਅਕਸ ਪ੍ਰਭਾਵਿਤ ਹੋ ਰਿਹਾ ਹੈ। ਪੱਤਰਕਾਰਾਂ ਅਤੇ ਵਰਕਰਾਂ ਨੂੰ ਜੇਲ੍ਹ ’ਚ ਬੰਦ ਕੀਤਾ ਜਾ ਰਿਹਾ ਹੈ। ਲੋਕਤੰਤਰ ਦੀਆਂ ਧੱਜੀਆਂ ਉਡ ਰਹੀਆਂ ਹਨ, ਲੋਕਤੰਤਰ ਕਮਜ਼ੋਰ ਹੋ ਰਿਹਾ ਹੈ।