ਜਿਨਸੀ ਸ਼ੋਸ਼ਣ ਮਾਮਲੇ ''ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ 17 ਦਿਨਾਂ ਦੀ ਪੈਰੋਲ
Tuesday, Dec 10, 2024 - 06:56 PM (IST)
ਨੈਸ਼ਨਲ ਡੈਸਕ : ਰਾਜਸਥਾਨ ਹਾਈ ਕੋਰਟ ਨੇ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ 17 ਦਿਨਾਂ ਦੀ ਪੈਰੋਲ ਦਿੱਤੀ ਹੈ। ਇਸ ਵਿੱਚ ਯਾਤਰਾ ਲਈ ਦੋ ਦਿਨ ਸ਼ਾਮਲ ਹਨ, ਮਤਲਬ ਕਿ ਉਹ 15 ਦਸੰਬਰ ਤੱਕ ਇਲਾਜ ਲਈ ਮਹਾਰਾਸ਼ਟਰ ਦੇ ਮਾਧਵਬਾਗ ਹਸਪਤਾਲ ਜਾ ਸਕਦੇ ਹਨ।
ਆਸਾਰਾਮ ਦਾ ਫਿਲਹਾਲ ਜੋਧਪੁਰ ਦੇ ਅਰੋਗਿਆ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ 10 ਨਵੰਬਰ ਨੂੰ ਉਸ ਨੂੰ ਜੋਧਪੁਰ ਦੇ ਇੱਕ ਆਯੁਰਵੈਦਿਕ ਹਸਪਤਾਲ ਵਿੱਚ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ, ਜੋ 30 ਨਵੰਬਰ ਨੂੰ ਖ਼ਤਮ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਮਹਾਰਾਸ਼ਟਰ ਦੇ ਪੁਣੇ ਸਥਿਤ ਮਾਧਵਬਾਗ ਹਸਪਤਾਲ 'ਚ ਇਲਾਜ ਲਈ ਅਦਾਲਤ ਤੋਂ ਇਜਾਜ਼ਤ ਮੰਗੀ।
ਹਾਈ ਕੋਰਟ ਦੇ ਜੱਜ ਜਸਟਿਸ ਦਿਨੇਸ਼ ਮਹਿਤਾ ਅਤੇ ਵਿਨੀਤ ਮਾਥੁਰ ਦੀ ਬੈਂਚ ਨੇ ਆਸਾਰਾਮ ਨੂੰ 15 ਦਸੰਬਰ ਤੋਂ 17 ਦਿਨਾਂ ਲਈ ਪੈਰੋਲ ਦਿੱਤੀ ਹੈ। ਇਸ ਦੌਰਾਨ ਆਸਾਰਾਮ ਨੂੰ ਜੋਧਪੁਰ ਦੀ ਕੇਂਦਰੀ ਜੇਲ੍ਹ ਨਹੀਂ ਜਾਣਾ ਪਵੇਗਾ ਅਤੇ ਉਹ ਹਵਾਈ ਜਹਾਜ਼ ਰਾਹੀਂ ਸਿੱਧੇ ਮਹਾਰਾਸ਼ਟਰ ਦੇ ਹਸਪਤਾਲ ਲਈ ਰਵਾਨਾ ਹੋ ਸਕਦੇ ਹਨ।
ਆਸਾਰਾਮ ਪਿਛਲੇ ਕੁਝ ਸਾਲਾਂ ਤੋਂ ਪੈਰੋਲ ਲਈ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ ਸਤੰਬਰ ਵਿੱਚ ਪਹਿਲੀ ਵਾਰ ਪੈਰੋਲ ਮਿਲੀ ਸੀ, ਜਦੋਂ ਉਹ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਇਲਾਜ ਅਧੀਨ ਸੀ। ਫਿਲਹਾਲ ਆਸਾਰਾਮ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ, ਜਿਸ ਲਈ ਅਦਾਲਤ ਨੇ ਉਨ੍ਹਾਂ ਨੂੰ ਪੈਰੋਲ ਦਿੱਤੀ ਹੈ।