ਮੋਦੀ ਜੀ, ਨੌਕਰਸ਼ਾਹਾਂ ਦੀ ''ਹੜਤਾਲ'' ਖਤਮ ਕਰਾਓ : ਕੇਜਰੀਵਾਲ

Friday, Jun 15, 2018 - 10:43 AM (IST)

ਮੋਦੀ ਜੀ, ਨੌਕਰਸ਼ਾਹਾਂ ਦੀ ''ਹੜਤਾਲ'' ਖਤਮ ਕਰਾਓ : ਕੇਜਰੀਵਾਲ

ਨਵੀਂ ਦਿੱਲੀ— ਪਿਛਲੇ 4 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਰਾਜ ਨਿਵਾਸ 'ਚ ਧਰਨੇ ਉੱਤੇ ਬੈਠੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਅਨਿਲ ਬੈਜਲ ਨਾਲ ਸਿਆਸੀ ਈਰਖਾ ਦੇ ਹੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। 
ਦਿੱਲੀ ਦੇ ਮੁੱਖ ਸਕੱਤਰ ਅਸ਼ੂ ਪ੍ਰਕਾਸ਼ ਨਾਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਫਰਵਰੀ ਮਹੀਨੇ 'ਚ ਹੋਈ ਕਥਿਤ ਹੱਥੋਪਾਈ ਦੇ ਮਗਰੋਂ ਦਿੱਲੀ 'ਚ ਤਾਇਨਾਤ ਆਈ. ਏ. ਐੱਸ. ਅਧਿਕਾਰੀਆਂ ਦੀ ਹੜਤਾਲ ਨੂੰ ਲੈ ਕੇ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ 3 ਸਹਿਯੋਗੀ ਸੋਮਵਾਰ ਸ਼ਾਮ ਤੋਂ ਰਾਜ ਨਿਵਾਸ ਦੇ ਉਡੀਕਘਰ ਵਿਚ ਧਰਨੇ 'ਤੇ ਬੈਠੇ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਮੰਗਲਵਾਰ ਨੂੰ ਰਾਜ ਨਿਵਾਸ 'ਚ ਹੀ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਹੈ। 
ਕੇਜਰੀਵਾਲ ਨੇ ਦਿੱਲੀ ਵਿਚ ਨੌਕਰਸ਼ਾਹਾਂ ਦੀ ਹੜਤਾਲ ਨੂੰ ਖਤਮ ਕਰਵਾਉਣ ਲਈ ਸ਼੍ਰੀ ਮੋਦੀ ਨੂੰ ਚਿੱਠੀ ਲਿਖ ਕੇ ਦਖਲ ਦੇਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਆਪਣੀ ਚਿੱਠੀ ਵਿਚ ਕਿਹਾ ਹੈ ਕਿ ਦਿੱਲੀ ਦੀ ਸਰਕਾਰ ਦੇ ਅਧੀਨ ਤਾਇਨਾਤ ਆਈ. ਏ. ਐੱਸ. ਅਧਿਕਾਰੀਆਂ 'ਤੇ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਅਤੇ ਉਪ ਰਾਜਪਾਲ ਦਾ ਕੰਟਰੋਲ ਹੈ। ਇਸ ਲਈ ਉਹ ਨੌਕਰਸ਼ਾਹਾਂ ਦੀ ਹੜਤਾਲ ਨੂੰ ਖਤਮ ਕਰਨ ਲਈ ਦਖਲ ਦੇਣ।


Related News