ਕੇਜਰੀਵਾਲ ਸਰਕਾਰ ਸ਼ਨੀਵਾਰ ਤੋਂ 23.90 ਰੁਪਏ ਦੇ ਹਿਸਾਬ ਨਾਲ ਵੇਚੇਗੀ ਗੰਢੇ

09/27/2019 6:26:29 PM

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਵੀ ਪਿਆਜ਼ ਦੀ ਕੀਮਤ ਲੋਕਾਂ ਨੂੰ ਰੁਲਾ ਰਹੀ ਹੈ। ਬਾਜ਼ਾਰ 'ਚ 80 ਰੁਪਏ ਪ੍ਰਤੀ ਕਿਲੋ ਤੱਕ ਪਿਆਜ਼ ਵਿਕ ਰਿਹਾ ਹੈ, ਅਜਿਹੇ 'ਚ ਦਿੱਲੀ ਸਰਕਾਰ ਨੇ ਸਸਤੇ 'ਚ ਪਿਆਜ਼ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ 23.90 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪਿਆਜ਼ ਵੇਚੇਗੀ ਅਤੇ ਇਕ ਵਿਅਕਤੀ ਵਧ ਤੋਂ ਵਧ 5 ਕਿਲੋ ਪਿਆਜ਼ ਖਰੀਦ ਸਕਦਾ ਹੈ। ਮੋਬਾਇਲ ਵੈਨ ਰਾਹੀਂ ਲੋਕਾਂ ਨੂੰ ਪਿਆਜ਼ ਉਪਲੱਬਧ ਕਰਵਾਇਆ ਜਾਵੇਗਾ। ਦਿੱਲੀ-ਐੱਨ.ਸੀ.ਆਰ. 'ਚ ਪਿਆਜ਼ 60 ਤੋਂ 80 ਰੁਪਏ ਤੱਕ ਵਿਕ ਰਿਹਾ ਹੈ। ਪਿਛਲੇ ਮਹੀਨੇ ਤੋਂ ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਦਰਅਸਲ ਮੱਧ ਭਾਰਤ ਅਤੇ ਮਹਾਰਾਸ਼ਟਰ 'ਚ ਭਾਰੀ ਬਾਰਸ਼ ਕਾਰਨ ਪਿਆਜ਼ ਦੀਆਂ ਫਸਲਾਂ ਅਤੇ ਸਪਲਾਈ 'ਤੇ ਅਸਰ ਪਿਆ ਹੈ। ਇਸੇ ਕਾਰਨ ਪਿਆਜ਼ ਦੀਆਂ ਕੀਮਤਾਂ 'ਚ ਅੱਗ ਲੱਗੀ ਹੋਈ ਹੈ।

ਕੇਜਰੀਵਾਲ ਨੇ ਸੋਮਵਾਰ ਨੂੰ ਹੀ ਐਲਾਨ ਕੀਤਾ ਸੀ ਕਿ ਸਰਕਾਰ ਭਾਰੀ ਮਾਤਰਾ 'ਚ ਪਿਆਜ਼ ਖਰੀਦਣ ਜਾ ਰਹੀ ਹੈ ਅਤੇ ਦਿੱਲੀ ਦੇ ਲੋਕਾਂ ਨੂੰ ਸਸਤੇ 'ਚ ਉਪਲੱਬਧ ਕਰਵਾਇਆ ਜਾਵੇਗਾ। ਇਸ ਸਾਲ ਦੇਸ਼ ਦੇ ਕਈ ਹਿੱਸਿਆਂ 'ਚ ਦੇਰ ਤੱਕ ਬਾਰਸ਼ ਹੋ ਰਹੀ ਹੈ। 2 ਦਿਨਾਂ ਤੋਂ ਉੱਤਰ ਪ੍ਰਦੇਸ਼ 'ਚ ਵੀ ਲਗਾਤਾਰ ਬਾਰਸ਼ ਹੋ ਰਹੀ ਹੈ। ਅਜਿਹੇ 'ਚ ਪਿਆਜ਼ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਧਣਾ ਲਾਜ਼ਮੀ ਹੈ। ਸਤੰਬਰ 'ਚ ਵੀ ਜਾਰੀ ਬਾਰਸ਼ ਨੂੰ ਦੇਖਦੇ ਹੋਏ ਕਾਰੋਬਾਰੀਆਂ ਦਾ ਅੰਦਾਜਾ ਹੈ ਕਿ ਹਾਲੇ ਪਿਆਜ਼ ਦੀਆਂ ਕੀਮਤਾਂ ਹੋਰ ਵਧਣਗੀਆਂ। ਹਾਲਾਂਕਿ 29 ਤਾਰੀਕ ਤੋਂ ਨੌਰਾਤਿਆਂ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਲੋਕਾਂ ਦਾ ਮੰਨਣਾ ਹੈ ਕਿ ਅਜਿਹੇ 'ਚ ਪਿਆਜ਼ ਦੀ ਮੰਗ 'ਚ ਕਮੀ ਆਏਗੀ ਅਤੇ ਕੀਮਤਾਂ 'ਤੇ ਓਨਾ ਅਸਰ ਨਹੀਂ ਪਵੇਗਾ। ਪਿਆਜ਼ ਨਾਲ ਟਮਾਟਰ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਗਿਆ ਹੈ। ਪਿਛਲੇ 10 ਦਿਨਾਂ 'ਚ ਦਿੱਲੀ-ਐੱਨ.ਸੀ.ਆਰ. 'ਚ ਟਮਾਟਰ ਦੀ ਕੀਮਤ 20 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 40 ਰੁਪਏ ਪ੍ਰਤੀ ਕਿਲੋ ਹੋ ਗਈ ਹੈ।


DIsha

Content Editor

Related News