CM ਕੇਜਰੀਵਾਲ CBI ਦਫ਼ਤਰ ਪਹੁੰਚੇ, ਸ਼ਰਾਬ ਘਪਲੇ ਨੂੰ ਲੈ ਕੇ ਹੋਣਗੇ ਸਵਾਲ-ਜਵਾਬ
Sunday, Apr 16, 2023 - 11:47 AM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘਪਲੇ ਮਾਮਲੇ ਵਿਚ ਅੱਜ ਯਾਨੀ ਕਿ ਐਤਵਾਰ ਨੂੰ ਸੀ. ਬੀ. ਆਈ. ਸਾਹਮਣੇ ਪੇਸ਼ ਹੋਏ ਹਨ। ਇਸ ਦਰਮਿਆਨ ਸੀ. ਬੀ. ਆਈ. ਦਫ਼ਤਰ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਸ਼ਰਾਬ ਨੀਤੀ ਮਾਮਲੇ ਵਿਚ ਕੇਜਰੀਵਾਲ ਸੀ. ਬੀ. ਆਈ. ਦੇ ਸਵਾਲਾਂ ਦਾ ਸਾਹਮਣਾ ਕਰਨਗੇ। CBI ਕੇਜਰੀਵਾਲ ਤੋਂ ਆਬਕਾਰੀ ਨੀਤੀ ਬਣਾਉਣ ਦੀ ਪ੍ਰਕਿਰਿਆ ਬਾਰੇ ਅਤੇ ਹੋਰ ਮੁਲਜ਼ਮਾਂ ਦੇ ਬਿਆਨਾਂ ਬਾਰੇ ਵੀ ਪੁੱਛਗਿੱਛ ਕਰ ਸਕਦੀ ਹੈ। ਏਜੰਸੀ ਆਬਕਾਰੀ ਨੀਤੀ ਬਣਾਉਣ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਵੀ ਸਵਾਲ ਪੁੱਛ ਸਕਦੀ ਹੈ।
ਇਹ ਵੀ ਪੜ੍ਹੋ- CBI ਦੇ ਸੰਮਨ ਮਗਰੋਂ ਬੋਲੇ ਕੇਜਰੀਵਾਲ- ਜੇ ਮੈਂ ਭ੍ਰਿਸ਼ਟ ਹਾਂ ਤਾਂ ਫਿਰ ਦੇਸ਼ 'ਚ ਕੋਈ ਵੀ ਈਮਾਨਦਾਰ ਨਹੀਂ
ਓਧਰ ਕੇਜਰੀਵਾਲ ਨੇ ਕਿਹਾ ਕਿ ਜਦੋਂ ਕੁਝ ਗਲਤ ਕੀਤਾ ਹੀ ਨਹੀਂ ਤਾਂ ਲੁਕਾਵਾਂਗਾ ਕੀ? ਐਤਵਾਰ ਸਵੇਰੇ ਉਹ ਆਪਣੇ ਰਿਹਾਇਸ਼ ਤੋਂ ਨਿਕਲ ਕੇ ਰਾਜਘਾਟ ਪਹੁੰਚੇ, ਇੱਥੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਤਮਾਮ ਮੰਤਰੀ ਮੌਜੂਦ ਰਹੇ। CBI ਜਾਂਚ ਲਈ ਜਾਣ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਚਾਰੋਂ ਪਾਸਿਓਂ ਵਿਕਾਸ ਹੋਣ ਲੱਗਾ, ਜਿਸ ਨੂੰ ਦੇਸ਼ ਦੇ ਲੋਕਾਂ ਨੇ 75 ਸਾਲਾਂ 'ਚ ਨਹੀਂ ਵੇਖਿਆ ਸੀ। ਦਿੱਲੀ ਨੂੰ ਵੇਖ ਕੇ ਲੋਕਾਂ ਨੂੰ ਲੱਗਾ ਕਿ ਭਾਰਤ ਦਾ ਵਿਕਾਸ ਹੋ ਸਕਦਾ ਹੈ। ਕੁਝ ਰਾਸ਼ਟਰ ਵਿਰੋਧੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਭਾਰਤ ਦੀ ਤਰੱਕੀ ਹੋਵੇ। ਉਨ੍ਹਾਂ ਰਾਸ਼ਟਰ ਵਿਰੋਧੀ ਤਾਕਤਾਂ ਨੂੰ ਕਹਾਂਗਾ ਕਿ ਹੁਣ ਭਾਰਤ ਨਹੀਂ ਰੁਕੇਗਾ।
ਇਹ ਵੀ ਪੜ੍ਹੋ- ਕੇਜਰੀਵਾਲ ਦੇ ਹੱਕ ’ਚ ਨਿੱਤਰੇ ਬਿਹਾਰ ਦੇ CM ਨਿਤੀਸ਼, ਕਿਹਾ-ਉਹ ਖ਼ੁਦ ਦੇਣਗੇ ਮੂੰਹ-ਤੋੜ ਜਵਾਬ
ਦੱਸ ਦੇਈਏ ਕਿ CBI ਨੇ ਬੀਤੇ ਦਿਨੀਂ ਸੰਮਨ ਜਾਰੀ ਕਰ ਕੇ ਕੇਜਰੀਵਾਲ ਨੂੰ ਆਬਕਾਰੀ ਨੀਤੀ ਮਾਮਲੇ ਵਿਚ ਜਾਂਚ ਦਲ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਪੁੱਛ-ਗਿੱਛ ਲਈ ਬੁਲਾਇਆ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਸ ਮਾਮਲੇ 'ਚ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਤਿਹਾੜ ਜੇਲ੍ਹ 'ਚ ਬੰਦ ਹਨ। ਇਨ੍ਹਾਂ ਦੋਸ਼ਾਂ ਦਾ ਸਬੰਧ ਦਿੱਲੀ ਸਰਕਾਰ ਦੀ 2021-22 ਦੀ ਆਬਕਾਰੀ ਨੀਤੀ ਤੋਂ ਹੈ। CBI ਸ਼ਰਾਬ ਕਾਰੋਬਾਰੀਆਂ ਵਲੋਂ ਲਾਇਸੈਂਸ ਪਾਉਣ ਲਈ ਰਿਸ਼ਵਤ ਦਿੱਤੇ ਜਾਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। 'ਆਪ' ਨੇ ਇਨ੍ਹਾਂ ਦੋਸ਼ਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਪਰ ਉਸ ਦੀ ਸਰਕਾਰ ਨੇ ਬਾਅਦ ਇਹ ਨੀਤੀ ਰੱਦ ਕਰ ਦਿੱਤੀ ਸੀ।