ਕੇਜਰੀਵਾਲ ਦਾ ਐਲਾਨ- ਦਿੱਲੀ 'ਚ ਓਡ-ਈਵਨ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ

11/18/2019 12:36:17 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਵ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ 'ਚ ਓਡ-ਈਵਨ ਯੋਜਨਾ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਮੌਸਮ ਸਾਫ ਹੋ ਗਿਆ ਹੈ, ਹੁਣ ਇਸ ਯੋਜਨਾ ਦੀ ਲੋੜ ਨਹੀਂ ਹੈ। ਇੱਥੇ ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਸ਼ਹਿਰ ਦੀ ਹਵਾ ਗੁਣਵੱਤਾ ਦੇ 'ਗੰਭੀਰ' ਸ਼੍ਰੇਣੀ ਵਿਚ ਪਹੁੰਚ ਜਾਣ ਕਾਰਨ 4 ਨਵੰਬਰ ਤੋਂ ਇਸ ਯੋਜਨਾ ਨੂੰ ਲਾਗੂ ਕੀਤਾ ਸੀ। ਯੋਜਨਾ 15 ਨਵੰਬਰ ਨੂੰ ਖਤਮ ਹੋ ਗਈ। ਯੋਜਨਾ ਦੌਰਾਨ ਨਿਯਮਾਂ ਦਾ ਉਲੰਘਣ ਕਰਨ 'ਤੇ 5,000 ਤੋਂ ਵਧ ਲੋਕਾਂ 'ਤੇ 4-4 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ। ਦਿੱਲੀ ਵਿਚ ਅੱਜ ਭਾਵ ਸੋਮਵਾਰ ਨੂੰ ਹਵਾ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਹੋਇਆ ਹੈ।

ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਪਾਣੀ ਪ੍ਰਦੂਸ਼ਣ ਨੂੰ ਲੈ ਕੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਪਾਣੀ ਦੀ ਗੁਣਵੱਤਾ ਕਾਫੀ ਬਿਹਤਰ ਹੈ। ਪਾਣੀ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ। ਪਾਣੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਮੰਤਰੀ ਲੋਕਾਂ 'ਚ ਡਰ ਪੈਦਾ ਕਰ ਰਹੇ ਹਨ। ਕੇਂਦਰ ਨੇ ਸਿਰਫ 11 ਥਾਵਾਂ ਦੇ ਸੈਂਪਲ ਲਏ। ਸਿਰਫ 11 ਥਾਂ ਦੇ ਸੈਂਪਲਾਂ ਦੇ ਆਧਾਰ 'ਤੇ ਸ਼ਹਿਰ ਦੇ ਪਾਣੀ ਨੂੰ ਖਰਾਬ ਨਹੀਂ ਕਿਹਾ ਜਾ ਸਕਦਾ। ਜਲ ਬੋਰਡ ਦੀ ਰਿਪੋਰਟ 'ਚ 2 ਫੀਸਦੀ ਤੋਂ ਵੀ ਘੱਟ ਸੈਂਪਲ ਫੇਲ ਹੋਏ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸਰਵੇ ਦੇ ਆਧਾਰ 'ਤੇ ਸਾਫ ਪਾਣੀ ਨੂੰ ਲੈ ਕੇ 21 ਸ਼ਹਿਰਾਂ ਦੀ ਰੈਂਕਿੰਗ ਜਾਰੀ ਕੀਤੀ ਹੈ, ਜਿਸ ਮੁਤਾਬਕ ਦਿੱਲੀ ਦਾ ਪਾਣੀ ਸਭ ਤੋਂ ਖਰਾਬ ਹੈ।


Tanu

Content Editor

Related News