ਮੇਰਠ ਕਿਸਾਨ ਮਹਾਪੰਚਾਇਤ ’ਚ ਕੇਜਰੀਵਾਲ ਬੋਲੇ-ਤਿੰਨੋਂ ਖੇਤੀ ਕਾਨੂੰਨ, ਕਿਸਾਨਾਂ ਲਈ ਡੈੱਥ ਵਾਰੰਟ
Sunday, Feb 28, 2021 - 03:42 PM (IST)
ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਦੇਸ਼ ਭਰ ਵਿਚ ਕਿਸਾਨਾਂ ਦੀ ਪੰਚਾਇਤ ਕਰ ਰਹੇ ਹਨ। ਉੱਥੇ ਹੀ ਸਿਆਸੀ ਦਲ ਵੀ ਕਿਸਾਨਾਂ ਦੇ ਮਸਲੇ ’ਤੇ ਮਹਾਪੰਚਾਇਤ ਕਰਨ ’ਚ ਜੁੱਟੇ ਹਨ। ਅੱਜ ਯਾਨੀ ਕਿ ਐਤਵਾਰ ਨੂੰ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਮੇਰਠ ’ਚ ਕਿਸਾਨ ਮਹਾਪੰਚਾਇਤ ਕੀਤੀ। ਇਹ ਮਹਾਪੰਚਾਇਤ ਮੇਰਠ ਬਾਈਪਾਸ ਸਥਿਤ ਸੰਸਕ੍ਰਿਤ ਰਿਜਾਰਟ ’ਚ ਆਯੋਜਿਤ ਕੀਤੀ ਗਈ।
ਇਹ ਵੀ ਪੜ੍ਹੋ: ਕਿਸਾਨਾਂ ਦਰਮਿਆਨ ਪੁੱਜੀ ਨੌਦੀਪ ਨੇ ਕਿਹਾ-‘ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ, ਸੱਚ ਜ਼ਰੂਰ ਜਿੱਤੇਗਾ’
ਇਸ ਕਿਸਾਨ ਮਹਾਪੰਚਾਇਤ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕੀਤਾ ਅਤੇ ਮੋਦੀ ਸਰਕਾਰ ’ਤੇ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ, ਕਿਸਾਨਾਂ ਦੇ ਡੈੱਥ ਵਾਰੰਟ ਹਨ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਕਾਨੂੰਨ ਪਾਸ ਕਰਵਾਇਆ ਹੈ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਮਗਰੋਂ ਕਿਸਾਨਾਂ ਦੀ ਬਚੀ ਹੋਈ ਖੇਤੀ ਕੇਂਦਰ ਸਰਕਾਰ ਤਿੰਨ-ਚਾਰ ਪੂੰਜੀਪਤੀ ਸਾਥੀਆਂ ਦੇ ਹੱਥਾਂ ਵਿਚ ਸੌਂਪਣਾ ਚਾਹੁੰਦੀ ਹੈ। ਸਾਰਿਆਂ ਦੀ ਖੇਤੀ ਚੱਲੀ ਜਾਵੇਗੀ। ਅੱਜ ਆਪਣੇ ਦੇਸ਼ ਦਾ ਕਿਸਾਨ ਬਹੁਤ ਦਰਦ ’ਚ ਹੈ। 95 ਦਿਨਾਂ ਤੋਂ ਕਿਸਾਨ ਭਰਾ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ। 250 ਤੋਂ ਵਧੇਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ’ਤੇ ਜੂੰ ਨਹੀਂ ਸਰਕ ਰਹੀ। ਪਿਛਲੇ 70 ਸਾਲ ਤੋਂ ਇਸ ਦੇਸ਼ ਦੇ ਕਿਸਾਨ ਨੇ ਸਿਰਫ਼ ਧੋਖਾ ਵੇਖਿਆ ਹੈ।
ਇਹ ਵੀ ਪੜ੍ਹੋ: ‘ਕਿਸਾਨ ਅੰਦੋਲਨ ਦਾ ਹੱਲ ਦੋ ਮਿੰਟ ’ਚ ਸੰਭਵ ਪਰ ਜ਼ਿੱਦ ’ਤੇ ਅੜੀ ਮੋਦੀ ਸਰਕਾਰ’
ਲਾਲ ਕਿਲ੍ਹਾ ਹਿੰਸਾ ’ਤੇ ਵੀ ਬੋਲੇ ਕੇਜਰੀਵਾਲ—
26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ’ਤੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਲਾਲ ਕਿਲ੍ਹਾ ਦਾ ਪੂਰਾ ਕਾਂਡ ਇਨ੍ਹਾਂ ਨੇ ਖ਼ੁਦ ਕਰਵਾਇਆ। ਮੈਂ ਦਿੱਲੀ ਦਾ ਮੁੱਖ ਮੰਤਰੀ ਹਾਂ, ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੇ ਮੈਨੂੰ ਦੱਸਿਆ ਕਿ ਇਹ ਜਾਣਬੁੱਝ ਕੇ ਓਧਰ ਭੇਜ ਰਹੇ ਸਨ। ਜਿਨ੍ਹਾਂ ਨੇ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਇਆ, ਉਹ ਇਨ੍ਹਾਂ ਦੇ ਆਪਣੇ ਵਰਕਰ ਸਨ।
ਇਹ ਵੀ ਪੜ੍ਹੋ: ਸਾਲ 2021 ’ਚ ਇਸਰੋ ਦੀ ਪੁਲਾੜ ’ਚ ਨਵੀਂ ਪੁਲਾਂਘ, PSLV-C51 ਸੈਟੇਲਾਈਟ ਨੇ ਭਰੀ ਸਫ਼ਲਤਾਪੂਰਵਕ ਉਡਾਣ
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਚੁੱਕੀ ‘ਆਪ’ ਨੇ ਕਿਸਾਨ ਮਹਾਪੰਚਾਇਤ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਹੈ। ਕਿਸਾਨ ਮਹਾਪੰਚਾਇਤ ਲਈ ਕੇਜਰੀਵਾਲ ਨੇ ਖ਼ੁਦ ਕਿਸਾਨ ਆਗੂਆਂ ਨਾਲ ਬੈਠਕ ਕੀਤੀ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਚਰਚਾ ਕੀਤੀ। 21 ਫਰਵਰੀ ਨੂੰ ਉਨ੍ਹਾਂ ਨੇ ਦਿੱਲੀ ਦੀ ਵਿਧਾਨ ਸਭਾ ’ਚ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂਆਂ ਨਾਲ ਬੈਠਕ ਕਰ ਕੇ ਖੇਤੀ ਨਾਲ ਜੁੜੇ ਤਿੰਨੋਂ ਕਾਨੂੰਨਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਸੀ।