ਪੁਰਾਣੀਆਂ ਸਰਕਾਰਾਂ ਨੇ ਪੈਦਾ ਕੀਤੇ ਗੈਂਗਸਟਰ, ਹੁਣ ਇਨ੍ਹਾਂ ਨੂੰ ਸ਼ਹਿ ਦੇਣ ਵਾਲਾ ਕੋਈ ਨਹੀਂ : ਕੇਜਰੀਵਾਲ
Wednesday, Jun 15, 2022 - 05:10 PM (IST)
ਜਲੰਧਰ/ਨੈਸ਼ਨਲ ਡੈਸਕ– ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਬਣਨ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਬੁੱਧਵਾਰ ਨੂੰ ਪੰਜਾਬ ਦੇ ਜ਼ਿਲ੍ਹੇ ਜਲੰਧਰ ਪੁੱਜੇ ਹਨ। ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਵੋਲਵੋ ਬੱਸ ਸੇਵਾ ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ: ਕਾਲਜ ਦੀ ਪ੍ਰਧਾਨਗੀ ਤੋਂ ਅਪਰਾਧ ਦੀ ਦੁਨੀਆ ’ਚ ਕਦਮ ਰੱਖਣ ਵਾਲਾ ਲਾਰੈਂਸ ਬਿਸ਼ਨੋਈ, ਜਾਣੋ ਕਿਵੇਂ ਬਣਿਆ ਗੈਂਗਸਟਰ
ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਗੈਂਗਸਟਰ ਪੈਦਾ ਕੀਤੇ ਹਨ। ਹੁਣ ਗੈਂਗਸਟਰਾਂ ਨੂੰ ਸ਼ਹਿ ਦੇਣ ਵਾਲਾ ਸਰਕਾਰ ’ਚ ਕੋਈ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਗੈਂਗਸਟਰ ਲਾਰੈਂਸ ਵਿਸ਼ਨੋਈ ਨੂੰ ਪੰਜਾਬ ਪੁਲਸ ਦਿੱਲੀ ਤੋਂ ਗ੍ਰਿਫ਼ਤਾਰ ਕਰ ਕੇ ਲਿਆਈ। ਉਨ੍ਹਾਂ ਕਿਹਾ ਕਿ ਪਹਿਲਾਂ ਅਪਰਾਧੀ ਕਈ ਸਾਲਾਂ ਤੱਕ ਫੜੇ ਨਹੀਂ ਜਾਂਦੇ ਸਨ ਪਰ ਹੁਣ ਅਪਰਾਧੀ 24 ਘੰਟਿਆਂ ਦੇ ਅੰਦਰ-ਅੰਦਰ ਫੜੇ ਜਾਂਦੇ ਹਨ। ਅਪਰਾਧੀ ਜਿੱਥੇ ਵੀ ਲੁੱਕੇ ਹੋਣਗੇ ਫੜ ਕੇ ਲਿਆਵਾਂਗੇ। ਕਾਨੂੰਨ ਵਿਵਸਥਾ ਦੇ ਵਿਰੋਧੀ ਸਿਆਸਤ ਕਰ ਰਹੇ ਹਨ। ਦਰਅਸਲ ਪੰਜਾਬ ਦੇ ਜ਼ਿਲ੍ਹਾ ਮਾਨਸਾ ’ਚ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਕੇਜਰੀਵਾਲ ਨੇ ਪਿਛਲੀਆਂ ਸਰਕਾਰ ’ਤੇ ਦੋਸ਼ ਲਾਏ। ਉਨ੍ਹਾਂ ਨੇ ਸਿੱਧੇ ਰੂਪ ’ਚ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਹੀ ਅਜਿਹੇ ਗੈਂਗਸਟਰ ਪੈਦਾ ਕੀਤੇ ਹਨ।
ਇਹ ਵੀ ਪੜ੍ਹੋ: ਸਿੱਖਾਂ ’ਤੇ ਟਿੱਪਣੀ ਮਗਰੋਂ ਕਿਰਨ ਬੇਦੀ ਨੇ ਮੰਗੀ ਮੁਆਫ਼ੀ, ਕਿਹਾ- ਮੇਰੀ ਨੀਅਤ ’ਤੇ ਸ਼ੱਕ ਨਾ ਕਰੋ
ਕੇਜਰੀਵਾਲ ਨੇ ਕਿਹਾ ਕਿ ਮੈਂ ਵਿਰੋਧੀ ਧਿਰ ਨੂੰ ਪੁੱਛਦਾ ਹਾਂ, ਕਿ ਕੀ ਮਾਨ ਸਾਬ੍ਹ ਆਪਣੇ ਨਾਲ ਗੈਂਗਸਟਰ ਲੈ ਕੇ ਆਏ ਹਨ? ਇਹ ਗੈਂਗਸਟਰ ਪਿਛਲੀਆਂ ਸਰਕਾਰਾਂ ਦੌਰਾਨ ਪੈਦਾ ਹੋਏ ਸਨ। ਗੈਂਗਸਟਰ, ਦੇਸ਼ ਵਿਰੋਧੀ ਅਨਸਰਾਂ ਨੂੰ ਕੋਈ ਨਹੀਂ ਬਚਾਅ ਸਕਦਾ। ਪੰਜਾਬ ਵਿਚ ਹੁਣ ਈਮਾਨਦਾਰ ਸਰਕਾਰ ਹੈ। ਪਿਛਲੇ 3 ਮਹੀਨਿਆਂ ਵਿਚ ਇਸ ਪੰਜਾਬ ਸਰਕਾਰ ਨੇ ਉਹ ਕੰਮ ਕੀਤੇ ਹਨ, ਜੋ ਪਿਛਲੀਆਂ ਸਰਕਾਰਾਂ ਸੱਤਾ ’ਚ ਰਹਿਣ ਦੌਰਾਨ ਕਈ ਸਾਲਾਂ ’ਚ ਨਹੀਂ ਕਰ ਸਕੀਆਂ। ਅਸੀਂ ਪਿਛਲੇ 3 ਮਹੀਨਿਆਂ ਵਿਚ ਸਾਢੇ 5 ਹਜ਼ਾਰ ਏਕੜ ਜ਼ਮੀਨਾਂ ਤੋਂ ਕਬਜ਼ਾ ਹਟਾਏ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ’ਤੇ ਹਮਲਾ ਬੋਲ ਰਹੀ ਹੈ। ਇਸ ਤੋਂ ਪਹਿਲਾਂ ਦੇਸ਼ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲੀ ਕਿ ਕਿਸੇ ਸਰਕਾਰ ਨੇ ਆਪਣੇ ਹੀ ਕੈਬਨਿਟ ਮੰਤਰੀ ਨੂੰ ਜੇਲ੍ਹ ਭੇਜਿਆ ਹੋਵੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕੋਲ ਭ੍ਰਿਸ਼ਟਾਚਾਰ ਦੀ ਵੀਡੀਓ ਆਈ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਮੰਤਰੀ ਨੂੰ ਜੇਲ੍ਹ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: SC ਦਾ ਵੱਡਾ ਫ਼ੈਸਲਾ, ਲਿਵ-ਇਨ ਰਿਲੇਸ਼ਨ ਦੌਰਾਨ ਪੈਦਾ ਹੋਏ ਬੱਚੇ ਵੀ ਜਾਇਦਾਦ ਦੇ ਹੱਕਦਾਰ
'ਆਪ' ਸੁਪਰੀਮੋ ਨੇ ਕਿਹਾ ਕਿ ਸੂਬੇ 'ਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ 25,000 ਨੌਕਰੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਵਿਚ ਕਾਨੂੰਨ ਲਿਆ ਕੇ ਆਰਜ਼ੀ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਵੱਡਾ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਨੇ ਇੱਕ ਤੋਂ ਵੱਧ ਵਿਧਾਇਕਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਹਨ। ਹੁਣ ਵਿਧਾਇਕਾਂ ਨੂੰ ਇਕ ਹੀ ਪੈਨਸ਼ਨ ਮਿਲੇਗੀ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਇਸ ਰੂਟ ’ਤੇ ਬੱਸਾਂ ਚਲਾ ਕੇ ਆਪਣੀ ਮਰਜ਼ੀ ਨਾਲ ਕਿਰਾਇਆ ਵਸੂਲ ਕੇ ਸੂਬੇ ਦੇ ਲੋਕਾਂ ਦੀ ਲੁੱਟ ਕਰ ਰਿਹਾ ਸੀ, ਜਿਸ ਨੂੰ ਅੱਜ ਬੰਦ ਕਰ ਦਿੱਤਾ ਗਿਆ ਹੈ।