CM ਕੇਜਰੀਵਾਲ ਦਾ ਐਲਾਨ, ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ VIP ਕਲਚਰ ਖਤਮ
Wednesday, Sep 11, 2019 - 04:34 PM (IST)

ਨਵੀਂ ਦਿੱਲੀ— ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਸਰਕਾਰ ਐਕਸ਼ਨ ਮੂਡ 'ਚ ਨਜ਼ਰ ਆ ਰਹੀ ਹੈ। ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਵੀ. ਆਈ. ਪੀ. ਕਲਚਰ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਕਮ ਦਿੱਤਾ ਹੈ ਕਿ ਸਰਕਾਰੀ ਹਸਪਤਾਲਾਂ 'ਚ ਹੁਣ ਪ੍ਰਾਈਵੇਟ ਰੂਮ ਨਹੀਂ ਦਿੱਤਾ ਜਾਵੇਗਾ। ਹਸਪਤਾਲਾਂ ਵਿਚ ਹੁਣ ਸਾਰੇ ਨਾਗਰਿਕਾਂ ਨੂੰ ਇਕੋ ਜਿਹਾ ਇਲਾਜ ਮਿਲੇਗਾ।
ਕੇਜਰੀਵਾਲ ਦੇ ਇਸ ਹੁਕਮ ਤੋਂ ਬਾਅਦ ਸਰਕਾਰੀ ਹਸਪਤਾਲ 'ਚ ਸਾਰੇ ਲੋਕਾਂ ਨੂੰ ਬਰਾਬਰ ਸਹੂਲਤਾਂ ਮਿਲਣਗੀਆਂ। ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਹਸਪਤਾਲਾਂ 'ਚ 13,899 ਬੈੱਡ ਵਧਾਉਣ ਦਾ ਫੈਸਲਾ ਲਿਆ ਹੈ। ਫਿਲਹਾਲ ਦਿੱਲੀ ਦੇ ਹਸਪਤਾਲਾਂ 'ਚ ਬੈੱਡਾਂ ਦੀ ਗਿਣਤੀ 11,353 ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਹਸਪਤਾਲਾਂ 'ਚ ਸਾਰੇ ਲੋਕਾਂ ਲਈ ਸਹੂਲਤਾਂ ਵਧਾਈਆਂ ਜਾਣਗੀਆਂ। ਸਾਰੇ ਹਸਪਤਾਲਾਂ 'ਚ ਏ. ਸੀ. ਲਾਏ ਜਾਣਗੇ। ਇਨ੍ਹਾਂ 'ਚ ਦਿੱਲੀ ਸਰਕਾਰ ਦੇ ਛੋਟੇ ਹਸਪਤਾਲ ਵੀ ਸ਼ਾਮਲ ਹੋਣਗੇ। ਸਰਕਾਰ ਦਾ ਕਹਿਣਾ ਹੈ ਕਿ ਇਸ ਸੰਬੰਧ ਵਿਚ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਹੈ।