ਕੇਜਰੀਵਾਲ ਦੀ ED ਰਿਮਾਂਡ 'ਤੇ ਸੁਣਵਾਈ ਪੂਰੀ, ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

Thursday, Mar 28, 2024 - 03:34 PM (IST)

ਨਵੀਂ ਦਿੱਲੀ- ਦਿੱਲੀ ਦੇ ਸ਼ਰਾਬ ਨੀਤੀ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਈ.ਡੀ. ਦੀ ਟੀਮ ਵੀਰਵਾਰ ਦੁਪਹਿਰ ਨੂੰ ਰਾਊਜ਼ ਐਵੇਨਿਊ ਕੋਰਟ ਪਹੁੰਚੀ, ਜਿੱਥੇ ਈ.ਡੀ. ਅਤੇ ਕੇਜਰੀਵਾਲ ਦੋਵਾਂ ਵੱਲੋਂ ਜ਼ੋਰਦਾਰ ਦਲੀਲਾਂ ਦਿੱਤੀਆਂ ਗਈਆਂ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਈ.ਡੀ. ਨੇ ਦਲੀਲ ਦਿੱਤੀ ਕਿ ਉਹ ਗੋਆ ਦੇ ਨੇਤਾਵਾਂ ਨਾਲ ਕੇਜਰੀਵਾਲ ਦਾ ਸਾਹਮਣਾ ਕਰਵਾਉਣਾ ਚਾਹੁੰਦੇ ਹਨ। ਈ.ਡੀ. ਨੇ ਕਿਹਾ ਕਿ ਕੇਜਰੀਵਾਲ ਜਾਣਬੁੱਝ ਕੇ ਵੇਰਵੇ ਅਤੇ ਆਪਣਾ ਈ.ਟੀ.ਆਰ. ਸਾਂਝਾ ਨਹੀਂ ਕਰ ਰਹੇ। 

ਈ.ਡੀ. ਨੇ ਮੰਗੀ 7 ਦਿਨਾਂ ਦੀ ਕਸਟਡੀ

ਏ.ਐੱਸ.ਜੀ. ਐੱਸ.ਵੀ. ਰਾਜੂ ਨੇ ਕਿਹਾ ਕਿ ਕੇਜਰੀਵਾਲ ਦਾ ਬਿਆਨ ਦਰਜ ਕੀਤਾ ਗਿਆ ਹੈ ਅਤੇ ਉਹ ਸਵਾਲਾਂ ਦੇ ਸਿੱਧੇ-ਸਿੱਧੇ ਜਵਾਬ ਨਹੀਂ ਦੇ ਰਹੇ। ਈ.ਡੀ. ਨੇ ਅਰਵਿੰਦ ਕੇਜਰੀਵਾਲ ਦੀ 7 ਦਿਨਾਂ ਦੀ ਕਸਟਡੀ ਦੀ ਮੰਗ ਕੀਤੀ। ਏ.ਐੱਸ.ਜੀ. ਨੇ ਕਿਹਾ ਕਿ ਜੋ ਡਿਜੀਟਲ ਡਾਟਾ ਮਿਲਿਆ ਹੈ, ਉਸਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕੁਝ ਲੋਕਾਂ ਨੂੰ ਗੋਆ ਤੋਂ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਬਿਆਨ ਦਰਜ ਕਰਵਾਏ ਜਾਣਗੇ। 

ਕੇਜਰੀਵਾਲ ਦੀ ਦਲੀਲੀ

ਉਥੇ ਹੀ ਕੇਜਰੀਵਾਲ ਨੇ ਅਦਾਲਤ ਸਾਹਮਣੇ ਆਪਣੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਦੋ ਸਾਲ ਤੋਂ ਚੱਲ ਰਿਹਾ ਹੈ। ਸੀ.ਬੀ.ਆਈ. ਨੇ ਅਗਸਤ 2022 ਵਿੱਚ ਕੇਸ ਦਰਜ ਕੀਤਾ ਸੀ। ਫਿਰ ਈ.ਸੀ.ਆਈ.ਆਰ. ਹੋਈ ਸੀ। ਮੈਨੂਂ ਗ੍ਰਿਫਤਾਰ ਕਿਉਂ ਕੀਤਾ ਗਿਆ ਜਦੋਂਕਿ ਕਿਸੇ ਵੀ ਅਦਾਲਤ ਨੇ ਮੈਨੂੰ ਦੋਸ਼ੀ ਨਹੀਂ ਮੰਨਿਆ ਹੈ। ਈ.ਡੀ. ਦਾ ਇਰਾਦਾ ਮੈਨੂੰ ਗ੍ਰਿਫਤਾਰ ਕਰਨਾ ਸੀ। ਸਿਰਫ਼ ਚਾਰ ਵਿਅਕਤੀਆਂ ਦੇ ਬਿਆਨਾਂ ਵਿੱਚ ਮੇਰਾ ਨਾਂ ਆਇਆ। ਜਿਨ੍ਹਾਂ ਨੇ ਮੇਰੇ ਹੱਕ ਵਿਚ ਬਿਆਨ ਦਿੱਤੇ ਸਨ, ਉਨ੍ਹਾਂ ਦੇ ਬਿਆਨ ਜ਼ਬਰਦਸਤੀ ਮੇਰੇ ਖਿਲਾਫ ਲਏ ਗਏ ਹਨ। ਉਹ 'ਆਪ' ਨੂੰ ਤੋੜਨਾ ਚਾਹੁੰਦੇ ਹਨ।


Rakesh

Content Editor

Related News