ਦਿੱਲੀ ਅਤੇ ਪੰਜਾਬ ਵਾਂਗ ਕਰਨਾਟਕ ’ਚ ਵੀ ਸਰਕਾਰ ਬਣਾਏਗੀ ‘ਆਪ’: ਕੇਜਰੀਵਾਲ

Friday, Apr 22, 2022 - 11:38 AM (IST)

ਦਿੱਲੀ ਅਤੇ ਪੰਜਾਬ ਵਾਂਗ ਕਰਨਾਟਕ ’ਚ ਵੀ ਸਰਕਾਰ ਬਣਾਏਗੀ ‘ਆਪ’: ਕੇਜਰੀਵਾਲ

ਬੇਂਗਲੂਰੂ– ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਅਤੇ ਪੰਜਾਬ ਵਾਂਗ ਆਮ ਆਦਮੀ ਪਾਰਟੀ (ਆਪ) ਕਰਨਾਟਕ ’ਚ ਵੀ ਸਰਕਾਰ ਬਣਾਏਗੀ। ਕਰਨਾਟਕ ਰਾਜ ਰਾਯਥਾ ਸੰਘ (ਕੇ. ਆਰ. ਆਰ. ਐੱਸ.) ਦੀ ਅਗਵਾਈ ’ਚ ਵੱਖ-ਵੱਖ ਕਿਸਾਨ ਸੰਗਠਨਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ,‘ਜਦ ਅਸੀਂ ਭ੍ਰਿਸ਼ਟਾਚਾਰ ਵਿਰੁੱਧ ਕਾਨੂੰਨ ਦੀ ਮੰਗ ਕੀਤੀ ਤਾਂ ਸਾਨੂੰ, ਆਮ ਲੋਕਾਂ ਨੂੰ ਸਿਆਸਤ ’ਚ ਆਉਣ ਦੀ ਚੁਣੌਤੀ ਦਿੱਤੀ ਗਈ। ਅਸੀਂ ਇਕ ਸਿਆਸੀ ਪਾਰਟੀ ਬਣਾਈ। ਸਾਡੀ ਪਹਿਲੀ ਸਰਕਾਰ ਦਿੱਲੀ ’ਚ ਅਤੇ ਫਿਰ ਪੰਜਾਬ ’ਚ ਬਣੀ। ਹੁਣ ਅਸੀਂ ਅਗਲੀ ਸਰਕਾਰ ਕਰਨਾਟਕ ’ਚ ਬਣਾਵਾਂਗੇ।’

ਇਸ ਦੌਰਾਨ ਕੇਜਰੀਵਾਲ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਨੂੰ ਇਹ ਕਹਿੰਦੇ ਹੋਏ ਰਾਵਣ ਕਰਾਰ ਦਿੱਤਾ ਕਿ ਉਸ ਨੇ ਵੀ ਹੰਕਾਰ ’ਚ ਆ ਕੇ 3 ਖੇਤੀ ਕਾਨੂੰਨ ਪਾਸ ਕੀਤੇ ਸਨ ਪਰ ਆਖਿਰਕਾਰ ਇਹ ਕਾਨੂੰਨ ਵਾਪਸ ਲੈਣੇ ਪਏ। ਬੇਂਗਲੂਰੂ ’ਚ ਕਿਸਾਨਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ,‘ਰਾਵਣ ਵਾਂਗ ਹੀ ਕੇਂਦਰ ਸਰਕਾਰ ਨੂੰ ਵੀ ਬਹੁਤ ਘੁਮੰਡ ਸੀ ਕਿ ਉਨ੍ਹਾਂ ਨੂੰ ਕਿਸਾਨਾਂ ਦੀ ਲੋੜ ਨਹੀਂ ਪਵੇਗੀ। ਅਸੀਂ ਕਾਫੀ ਸਮਝਾਇਆ ਸੀ ਪਰ ਉਨ੍ਹਾਂ ਨੇ ਸਾਡੀ ਇਕ ਨਾ ਸੁਣੀ। ਆਖਿਰਕਾਰ 13 ਮਹੀਨਿਆਂ ਬਾਅਦ ਕੇਂਦਰ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ ਅਤੇ 3 ਖੇਤੀ ਕਾਨੂੰਨ ਵਾਪਸ ਲੈਣੇ ਪਏ। ਮੈਂ ਕਿਸਾਨਾਂ ਦੇ ਇਸ ਸੰਘਰਸ਼ ਨੂੰ ਸਲਾਮ ਕਰਦਾ ਹਾਂ।

ਕੇ. ਆਰ. ਆਰ. ਐੱਸ. ਦੇ ਕਨਵੀਨਰ ਕੇ. ਚੰਦਰਸ਼ੇਖਰ ਇਸ ਦੌਰਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਅਤੇ ਸੰਗਠਨ ਦੇ ਮੈਂਬਰਾਂ ਨੂੰ ਪਾਰਟੀ ਨੂੰ ਪੂਰਾ ਸਮਰਥਨ ਦੇਣ ਦਾ ਸੱਦਾ ਦਿੱਤਾ। ਕਰਨਾਟਕ ’ਚ ਕਥਿਤ ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੂੰ ‘20 ਫੀਸਦੀ ਕਮੀਸ਼ਨ ਸਰਕਾਰ’ ਕਿਹਾ ਜਾਂਦਾ ਹੈ ਅਤੇ ਮੌਜੂਦਾ ਭਾਜਪਾ ਸਰਕਾਰ ਨੂੰ ‘40 ਫੀਸਦੀ ਕਮੀਸ਼ਨ ਸਰਕਾਰ’ ਕਿਹਾ ਜਾਂਦਾ ਹੈ।


author

Rakesh

Content Editor

Related News