ਅਰੁਣਾਚਲ ਪ੍ਰਦੇਸ਼ ਦੀ ਸਿਆਂਗ ਨਦੀ ਦਾ ਪਾਣੀ ਹੋਇਆ ਮਟਮੈਲਾ, ਦਹਿਸ਼ਤ ’ਚ ਲੋਕ

Wednesday, Nov 09, 2022 - 12:30 PM (IST)

ਅਰੁਣਾਚਲ ਪ੍ਰਦੇਸ਼ ਦੀ ਸਿਆਂਗ ਨਦੀ ਦਾ ਪਾਣੀ ਹੋਇਆ ਮਟਮੈਲਾ, ਦਹਿਸ਼ਤ ’ਚ ਲੋਕ

ਈਟਾਨਗਰ (ਭਾਸ਼ਾ)– ਅਰੁਣਾਚਲ ਪ੍ਰਦੇਸ਼ ਦੀ ਸਿਆਂਗ ਨਦੀ ਦਾ ਪਾਣੀ ਮਟਮੈਲਾ ਹੋ ਗਿਆ ਹੈ, ਜੋ ਚੀਨ ਦੇ ਉਪਰਲੇ ਹਿੱਸੇ ’ਚ ਸੰਭਾਵਿਤ ਉਸਾਰੀ ਗਤੀਵਿਧੀਆਂ ਦਾ ਸੰਕੇਤ ਦਿੰਦਾ ਹੈ, ਜਿਸ ਕਾਰਨ ਸਰਹੱਦੀ ਸੂਬੇ ’ਚ ਲੋਕ ਦਹਿਸ਼ਤ ’ਚ ਹਨ। ਪੂਰਬੀ ਸਿਆਂਗ ਜ਼ਿਲੇ ਦੇ ਹੈੱਡਕੁਆਰਟਰ ਪਾਸੀਘਾਟ ’ਚ ਅਧਿਕਾਰੀਆਂ ਮੁਤਾਬਕ, ਨਦੀ ਦੇ ਪਾਣੀ ਦਾ ਰੰਗ ਬਦਲ ਗਿਆ ਹੈ ਅਤੇ ਤਿੰਨ ਦਿਨ ਪਹਿਲਾਂ ਇਹ ਮਟਮੈਲਾ ਹੋ ਗਿਆ। ਪੂਰਬੀ ਸਿਆਂਗ ਦੇ ਡਿਪਟੀ ਕਮਿਸ਼ਨਰ (ਡੀ. ਸੀ.) ਤਈ ਤੱਗੂ ਨੇ ਕਿਹਾ, ਪਾਣੀ ’ਚ ਗਾਦ ਵਹਿ ਰਹੀ ਹੈ, ਜੋ ਕਿ ਗੈਰ-ਕੁਦਰਤੀ ਹੈ ਕਿਉਂਕਿ ਇਸ ਖੇਤਰ ’ਚ ਪਿਛਲੇ ਕੁਝ ਦਿਨਾਂ ’ਚ ਮੀਂਹ ਨਹੀਂ ਪਿਆ ਹੈ। ਅਸੀਂ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ।

ਸਿਆਂਗ ਨਦੀ ਸੂਬੇ ’ਚ ਪਾਣੀ ਦਾ ਜਲ ਸਰੋਤ ਹੈ। ਤੱਗੂ ਨੇ ਕਿਹਾ ਕਿ ਇਸ ਨਦੀ ਨੂੰ ਚੀਨ ’ਚ ਯਾਰਲੁੰਗ ਸਾਂਗਪੋ ਕਿਹਾ ਜਾਂਦਾ ਹੈ ਅਤੇ ਉੱਥੇ (ਚੀਨ ’ਚ) ਕਿਸੇ ਪ੍ਰਕਾਰ ਦੀ ਮਿੱਟੀ ਦੀ ਕਟਾਈ ਹੋ ਸਕਦੀ ਹੈ। ਡੀ. ਸੀ. ਨੇ ਕਿਹਾ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਚੀਨ ਤੋਂ ਨਿਕਲਣ ਵਾਲੀ ਨਦੀ ’ਤੇ ਕੁਝ ਨਿਰਮਾਣ ਗਤੀਵਿਧੀਆਂ ਹੋ ਰਹੀਆਂ ਹਨ। ਉਪਰਲੇ ਖੇਤਰਾਂ ’ਚ ਜ਼ਮੀਨ ਖਿਸਕਣਾ ਵੀ ਇਸ ਦਾ ਕਾਰਨ ਹੋ ਸਕਦਾ ਹੈ। ਮਛੇਰੇ ਅਤੇ ਖੇਤੀਬਾੜੀ ਲਈ ਨਦੀ ’ਤੇ ਨਿਰਭਰ ਸਥਾਨਕ ਲੋਕ ਸਿਆਂਗ ਨਦੀ ਦੇ ਪਾਣੀ ਦਾ ਰੰਗ ਬਦਲਣ ’ਚ ਚਿੰਤਤ ਹਨ। ਪਾਸੀਘਾਟ ਦੇ ਇਕ ਸਥਾਨਕ ਨਿਵਾਸੀ ਮਿਗੋਮ ਪਰਟਿਨ ਨੇ ਕਿਹਾ, ਪਾਣੀ ’ਚ ਭਾਰੀ ਗਾਦ ਤੋਂ ਜਲਜੀਵ ਮਰ ਸਕਦੇ ਹਨ। ਕਿਸਾਨ ਵੀ ਨਦੀ ਤੋਂ ਪਾਣੀ ਲੈਂਦੇ ਹਨ। ਅਸੀਂ ਚਿੰਤਤ ਹਾਂ ਕਿ ਇਸ ਨਾਲ ਸਾਡੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ।


author

Rakesh

Content Editor

Related News