8 ਮਹੀਨੇ ਦੇ ਬੱਚੇ ਨੇ ਇਲਾਜ ਲਈ ਕੀਤੀ 400 ਕਿਲੋਮੀਟਰ ਦੀ ਯਾਤਰਾ, ਕੋਵਿਡ-19 ਦੀ ਪੁਸ਼ਟੀ ਤੋਂ ਬਾਅਦ ਮੌਤ
Tuesday, Jul 07, 2020 - 04:27 PM (IST)
ਸ਼ਿਲਾਂਗ- ਇਲਾਜ ਲਈ ਅਰੁਣਾਚਲ ਪ੍ਰਦੇਸ਼ ਤੋਂ ਮੇਘਾਲਿਆ ਤੱਕ ਲਗਭਗ 400 ਕਿਲੋਮੀਟਰ ਦਾ ਸਫ਼ਰ ਕਰਨ ਵਾਲੇ 8 ਮਹੀਨੇ ਦੇ ਇਕ ਬੱਚੇ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਣ ਦੇ ਕੁਝ ਹੀ ਘੰਟਿਆਂ ਬਾਅਦ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੱਚੇ ਨੂੰ ਕੁਝ ਬੀਮਾਰੀਆਂ ਦੇ ਇਲਾਜ ਲਈ ਅਰੁਣਾਚਲ ਪ੍ਰਦੇਸ਼ ਦੇ ਤੋਮੋ ਰਿਬਾ ਇੰਸਟੀਚਿਊਟ ਆਫ ਹੈਲਥ ਐਂਡ ਮੈਡੀਕਲ ਸਾਇੰਸੇਜ਼ ਤੋਂ ਇੱਥੇ ਨਾਰਥਨ ਈਸਟਰਨ ਇੰਦਰਾ ਗਾਂਧੀ ਰੀਜਨਲ ਇੰਸਟੀਚਿਊਟ ਆਫ਼ ਹੈਲਥ ਐਂਡ ਮੈਡੀਕਲ ਸਾਇੰਸੇਜ਼ (ਐੱਨ.ਆਈ.ਜੀ.ਆਰ.ਆਈ.ਐੱਚ.ਐੱਮ.ਐੱਸ.) ਭੇਜਿਆ ਗਿਆ ਸੀ। ਬੱਚੇ ਦੇ ਮਾਤਾ-ਪਿਤਾ ਉਸ ਨੂੰ ਸੜਕ ਮਾਰਗ ਰਾਹੀਂ ਸ਼ਿਲਾਂਗ ਲੈ ਕੇ ਆਏ ਸਨ। ਉਹ ਸੋਮਵਾਰ ਤੜਕੇ ਹਸਪਤਾਲ ਪਹੁੰਚ ਗਏ ਸਨ।
ਮੇਘਾਲਿਆ ਦੇ ਸਿਹਤ ਮੰਤਰੀ ਏ.ਐੱਲ. ਹੇਕ ਨੇ ਕਿਹਾ,''ਉਨ੍ਹਾਂ ਦੇ ਹਸਪਤਾਲ ਪਹੁੰਚਣ 'ਤੇ ਜਾਂਚ ਲਈ ਬੱਚੇ ਦੇ ਨਮੂਨੇ ਲਏ ਗਏ। ਜਾਂਚ ਰਿਪੋਰਟ 'ਚ ਬੱਚੇ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ। ਸ਼ਾਮ ਨੂੰ ਉਸ ਦੀ ਮੌਤ ਹੋ ਗਈ।'' ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਮਾਤਾ-ਪਿਤਾ ਅਤੇ ਵਾਹਨ ਚਾਲਕ ਕੋਰੋਨਾ ਵਾਇਰਸ ਨਾਲ ਇਨਫੈਕਟਡ ਨਹੀਂ ਪਾਏ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਮੇਘਾਲਿਆ 'ਚ ਕੋਵਿਡ-19 ਨਾਲ ਇਹ ਦੂਜੀ ਮੌਤ ਹੈ। ਪਹਿਲੀ ਮੌਤ 15 ਅਪ੍ਰੈਲ ਨੂੰ ਹੋਈ ਸੀ। ਸੂਬੇ 'ਚ ਹੁਣ ਤੱਕ 89 ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ, ਜਿਨ੍ਹਾਂ 'ਚੋਂ 44 ਦਾ ਇਲਾਜ ਚੱਲ ਰਿਹਾ ਹੈ ਅਤੇ 43 ਲੋਕ ਠੀਕ ਹੋ ਗਏ ਹਨ। 2 ਰੋਗੀਆਂ ਦੀ ਮੌਤ ਹੋ ਚੁਕੀ ਹੈ।