ਅਲ-ਫਲਾਹ ਯੂਨੀਵਰਸਿਟੀ ਬਾਰੇ ਮਦਨੀ ​​ਦੇ ਬਿਆਨ ’ਤੇ ਛਿੜਿਆ ਵਿਵਾਦ, ਭਾਜਪਾ ਨੇ ਲਾਏ ਵੱਡੇ ਇਲਜ਼ਾਮ

Monday, Nov 24, 2025 - 04:43 PM (IST)

ਅਲ-ਫਲਾਹ ਯੂਨੀਵਰਸਿਟੀ ਬਾਰੇ ਮਦਨੀ ​​ਦੇ ਬਿਆਨ ’ਤੇ ਛਿੜਿਆ ਵਿਵਾਦ, ਭਾਜਪਾ ਨੇ ਲਾਏ ਵੱਡੇ ਇਲਜ਼ਾਮ

ਨੈਸ਼ਨਲ ਡੈਸਕ- ਦਿੱਲੀ ਬੰਬ ਧਮਾਕਿਆਂ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਅਲ-ਫਲਾਹ ਯੂਨੀਵਰਸਿਟੀ ਦਾ ਹਵਾਲਾ ਦੇ ਕੇ ਮੁਸਲਮਾਨਾਂ ਨਾਲ ਵਿਤਕਰਾ ਕਰਨ ਦਾ ਦੋਸ਼ ਲਾਉਣ ਨਾਲ ਸਬੰਧਤ ਜਮੀਅਤ ਉਲੇਮਾ-ਏ-ਹਿੰਦ (ਏ.ਐੱਮ.) ਦੇ ਮੁਖੀ ਮੌਲਾਨਾ ਅਰਸ਼ਦ ਮਦਨੀ ​​ਦੇ ਬਿਆਨ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ।

ਮਦਨੀ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਭਾਰਤੀ ਜਨਤਾ ਪਾਰਟੀ ਨੇ ਐਤਵਾਰ ਕਿਹਾ ਕਿ ‘ਅੱਤਵਾਦੀ ਬਚਾਓ ਜਮਾਤ’ ਸਰਗਰਮ ਹੋ ਗਈ ਹੈ। ਮਦਨੀ ​​ਮੁਸਲਮਾਨਾਂ ਨੂੰ ਗੁੰਮਰਾਹ ਕਰਦਾ ਹੈ ਤੇ ਫਾਇਦਾ ਉਠਾਉਂਦਾ ਹੈ। ਮਦਨੀ ਨੇ ਦਾਅਵਾ ਕੀਤਾ ਸੀ ਕਿ ਜ਼ੋਹਰਾਨ ਮਮਦਾਨੀ ਨੂੰ ਨਿਊਯਾਰਕ ਦਾ ਮੇਅਰ ਚੁਣਿਆ ਜਾ ਸਕਦਾ ਹੈ, ਏ. ਖਾਨ ਨੂੰ ਲੰਡਨ ਦਾ ਮੇਅਰ ਚੁਣਿਆ ਜਾ ਸਕਦਾ ਹੈ ਪਰ ਭਾਰਤ ’ਚ ਕੋਈ ਵੀ ਮੁਸਲਮਾਨ ਕਿਸੇ ਯੂਨੀਵਰਸਿਟੀ ਦਾ ਚਾਂਸਲਰ ਵੀ ਨਹੀਂ ਬਣ ਸਕਦਾ।

ਸੱਤਾਧਾਰੀ ਪਾਰਟੀ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਵੋਟ ਬੈਂਕ ਦੇ ਨਾਂ ’ਤੇ ‘ਤੁਸ਼ਟੀਕਰਨ ਭਰਾ’ ਤੇ ‘ਅੱਤਵਾਦੀ ਬਚਾਓ ਗਰੁੱਪ’ ਸਰਗਰਮ ਹੋ ਗਏ ਹਨ। ਮੇਅਰਾਂ ਨੂੰ ਭੁੱਲ ਜਾਓ, ਇਸ ਦੇਸ਼ ਨੇ ਮੁਸਲਮਾਨਾਂ ਨੂੰ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਮੁੱਖ ਜੱਜ ਤੇ ਗ੍ਰਹਿ ਮੰਤਰੀ ਬਣਦੇ ਦੇਖਿਆ ਹੈ। ਇੱਥੋਂ ਤੱਕ ਕਿ ਸਭ ਤੋਂ ਵੱਡੇ ਕਲਾਕਾਰ ਤੇ ਉਦਯੋਗਪਤੀ ਵੀ ਮੁਸਲਮਾਨ ਰਹੇ ਹਨ।

ਮਦਨੀ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਭਾਰਤ ’ਚ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਮੁਸਲਮਾਨਾਂ ਲਈ ਇਕ ਆਦਰਸ਼ ਹਨ। ਉਨ੍ਹਾਂ ਹਮੇਸ਼ਾ ਆਪਣਾ ਸਿਰ ਉੱਚਾ ਰੱਖਿਆ। ਦੂਜਿਆਂ ਨੂੰ ਆਦਰਸ਼ ਕਿਉਂ ਬਣਾਇਆ ਜਾਏ?

ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਨੇ ਅਰਸ਼ਦ ਮਦਨੀ ਦੇ ਬਿਆਨ ਨੂੰ ਬਹੁਤ ਗੈਰ-ਜ਼ਿੰਮੇਵਾਰਾਨਾ ਦੱਸਦਿਆਂ ਕਿਹਾ ਕਿ ਉਹ ਬਜ਼ੁਰਗ ਹਨ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਮੀਅਤ ਉਲੇਮਾ-ਏ-ਹਿੰਦ ਨੇ ਆਜ਼ਾਦੀ ਸੰਗਰਾਮ ’ਚ ਯੋਗਦਾਨ ਪਾਇਆ ਸੀ। ਉਹ ਅਜਿਹੀਆਂ ਗੱਲਾਂ ਕਹਿ ਕੇ ਭਾਰਤ ਨੂੰ ਬਦਨਾਮ ਕਰ ਰਹੇ ਹਨ।


author

Harpreet SIngh

Content Editor

Related News