ਹਸਪਤਾਲ ਤੋਂ ਬੱਚੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਔਰਤ ਗ੍ਰਿਫਤਾਰ
Sunday, Nov 12, 2017 - 01:30 PM (IST)
ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਜ਼ਿਲਾ ਮਹਿਲਾ ਹਸਪਤਾਲ ਤੋਂ ਇਕ ਔਰਤ ਨੂੰ ਇਕ ਨਵਜੰਮੀ ਬੱਚੀ ਨੂੰ ਚੋਰੀ ਕਰਨ ਦੀ ਕੋਸ਼ਿਸ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਹੈ। ਡਾਕਟਰ ਬੀ. ਲਾਲ ਨੇ ਇਸ ਸੰਬੰਧ 'ਚ ਪੁਲਸ 'ਚ ਰਿਪੋਰਟ ਦਰਜ ਕਰਵਾਈ ਹੈ। ਪੁਲਸ ਅਨੁਸਾਰ ਸ਼ਨੀਵਾਰ ਨੂੰ ਦਾਮੋਦਪੁਰਾ ਪਿੰਡ ਦੀ ਰਹਿਣ ਵਾਲੀ ਮਮਤਾ ਨੇ ਸਰਕਾਰੀ ਮਹਿਲਾ ਹਸਪਤਾਲ 'ਚ ਇਕ ਬੱਚੀ ਨੂੰ ਜਨਮ ਦਿੱਤਾ ਸੀ। ਉੱਥੇ ਉਸ ਦੀ ਮਦਦ ਲਈ ਉਸ ਦੀ ਸੱਸ ਮੱਲੋ ਵੀ ਮੌਜੂਦ ਸੀ। ਉਨ੍ਹਾਂ ਨੇ ਦੱਸਿਆ ਕਿ ਦੁਪਹਿਰ 3 ਵਜੇ ਮਮਤਾ ਟਾਇਲਟ ਗਈ ਹੋਈ ਸੀ। ਇਸ ਦੌਰਾਨ ਇਕ ਔਰਤ ਆ ਕੇ ਉਸ ਦੇ ਬੈੱਡ 'ਤੇ ਬੈਠ ਗਈ।
ਉਸ ਨੇ ਮੱਲੋ ਨੂੰ ਵਰਗਲਾ ਕੇ ਨੂੰਹ ਨੂੰ ਦੇਖਣ ਲਈ ਭੇਜ ਦਿੱਤਾ ਅਤੇ ਖੁਦ ਬੱਚੀ ਨੂੰ ਗੋਦ 'ਚ ਚੁੱਕ ਕੇ ਚੱਲੀ ਗਈ। ਇਸ ਦੌਰਾਨ ਜਦੋਂ ਸੱਸ-ਨੂੰਹ ਨੇ ਬੱਚੀ ਨੂੰ ਗਾਇਬ ਦੇਖਿਆ ਤਾਂ ਉਸੇ 'ਤੇ ਸ਼ੱਕ ਕਰਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਚੋਰ ਔਰਤ ਹਸਪਤਾਲ ਦੇ ਗੇਟ ਤੋਂ ਬਾਹਰ ਨਿਕਲਣ ਹੀ ਵਾਲੀ ਸੀ ਕਿ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ। ਪੁੱਛ-ਗਿੱਛ ਤੋਂ ਪੁਲਸ ਨੂੰ ਪਤਾ ਲੱਗਾ ਕਿ ਉਹ ਮੂਲ ਰੂਪ ਨਾਲ ਆਗਰਾ ਦੇ ਤਾਜਗੰਜ ਖੇਤਰ ਦੀ ਵਾਸੀ ਹੈ ਅਤੇ ਪਤੀ ਰਾਜੂ ਦੀ ਮੌਤ ਤੋਂ ਬਾਅਦ ਅੱਜ-ਕੱਲ ਮਥੁਰਾ 'ਚ ਭੂਤੇਸ਼ਵਰ ਇਲਾਕੇ 'ਚ ਰਹਿ ਰਹੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
