ਮਸ਼ਹੂਰ ਡਾਂਸਰ ਸਪਨਾ ਚੌਧਰੀ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਜਾਣੋ ਕੀ ਹੈ ਮਾਮਲਾ
Tuesday, Aug 23, 2022 - 10:49 AM (IST)
ਹਰਿਆਣਾ/ਲਖਨਊ- ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਖ਼ਿਲਾਫ ਲਖਨਊ ਦੀ ਇਕ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਪਨਾ ਚੌਧਰੀ ਖਿਲਾਫ ਇਕ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਧਾਰਕਾਂ ਨੂੰ ਪੈਸੇ ਵਾਪਸ ਨਾ ਕਰਨ ਦੇ ਮਾਮਲੇ ਵਿਚ ਸੋਮਵਾਰ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ।
ਸੁਪਨਾ ਨੇ ਸੁਣਵਾਈ ਲਈ ਸੋਮਵਾਰ ਨੂੰ ਅਦਾਲਤ ’ਚ ਹਾਜ਼ਰ ਹੋਣਾ ਸੀ ਪਰ ਉਹ ਹਾਜ਼ਰ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਵਲੋਂ ਕੋਈ ਅਰਜ਼ੀ ਦਿੱਤੀ ਗਈ। ਇਸ ’ਤੇ ਅਦਾਲਤ ਨੇ ਸਖਤ ਰੁਖ ਅਪਣਾਉਂਦੇ ਹੋਏ ਸਪਨਾ ਖ਼ਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ। ਹੁਣ ਸੁਣਵਾਈ ਦੀ ਅਗਲੀ ਤਰੀਕ 30 ਸਤੰਬਰ ਤੈਅ ਕੀਤੀ ਗਈ ਹੈ। ਨਵੰਬਰ 2021 ’ਚ ਵੀ ਇਸੇ ਅਦਾਲਤ ਵਲੋਂ ਮਾਮਲੇ ’ਚ ਉਨ੍ਹਾਂ ਖ਼ਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਪਨਾ ਨੇ ਅਦਾਲਤ ’ਚ ਹਾਜ਼ਰ ਹੋ ਕੇ ਜ਼ਮਾਨਤ ਕਰਵਾ ਲਈ ਸੀ।
ਦੱਸ ਦੇਈਏ ਕਿ ਇਹ ਮਾਮਲਾ 2018 ਦਾ ਹੈ। ਇਕ ਸਬ-ਇੰਸਪੈਕਟਰ ਨੇ 14 ਅਕਤੂਬਰ 2018 ਨੂੰ ਸ਼ਹਿਰ ਦੇ ਆਸ਼ਿਆਨਾ ਥਾਣੇ ’ਚ ਐੱਫ. ਆਈ. ਆਰ. ਦਰਜ ਕੀਤੀ ਸੀ। ਸੂਤਰਾਂ ਮੁਤਾਬਕ ਸਪਨਾ ਚੌਧਰੀ ਨੇ 2018 ’ਚ ਇਕ ਇਵੈਂਟ ’ਚ ਪਰਫਾਰਮਸ ਨਹੀਂ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ ਆਯੋਜਕਾਂ ਨੇ ਐਡਵਾਂਸ ਪੈਸੇ ਦਿੱਤੇ ਸਨ। ਆਯੋਜਕਾਂ ਨੇ ਮਾਮਲੇ ਨੂੰ ਅਦਾਲਤ ’ਚ ਘਸੀਟਿਆ ਅਤੇ ਹੁਣ ਡਾਂਸਰ ਸਪਨਾ ਨੂੰ ਛੇਤੀ ਹੀ ਲਖਨਊ ਦੀ ਏ. ਸੀ. ਜੇ. ਐੱਮ. ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਘਟਨਾ 13 ਅਕਤੂਬਰ 2018 ਦੀ ਹੈ।