ਗੁਰੂਗ੍ਰਾਮ ’ਚ ਖੁੱਲ੍ਹੇ ’ਚ ਨਮਾਜ਼ ਦਾ ਵਿਰੋਧ ਕਰ ਰਹੇ 30 ਲੋਕਾਂ ਨੂੰ ਪੁਲਸ ਨੇ ਹਿਰਾਸਤ ’ਚ ਲਿਆ
Saturday, Oct 30, 2021 - 11:07 AM (IST)
ਗੁਰੂਗ੍ਰਾਮ (ਭਾਸ਼ਾ)- ਹਰਿਆਣਾ ’ਚ ਗੁਰੂਗ੍ਰਾਮ ਦੇ ਸੈਕਟਰ-12 ’ਚ ਮੁਸਲਿਮ ਭਾਈਚਾਰੇ ਵਲੋਂ ਸ਼ੁੱਕਰਵਾਰ ਨੂੰ ਪੜ੍ਹੀ ਜਾ ਰਹੀ ਜੁਮੇ ਦੀ ਨਮਾਜ਼ ਰੋਕਣ ਦੇ ਦੋਸ਼ ’ਚ ਪੁਲਸ ਨੇ ਕਰੀਬ 30 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਭਾਰੀ ਪੁਲਸ ਫ਼ੋਰਸ ਦੀ ਮੌਜੂਦਗੀ ਦਰਮਿਆਨ ਪ੍ਰਦਰਸ਼ਨਕਾਰੀ ਜਿਨ੍ਹਾਂ ’ਚ ਜ਼ਿਆਦਾਤਰ ਹਿੰਦੂਵਾਦੀ ਸੰਗਠਨਾਂ ਦੇ ਮੈਂਬਰ ਸਨ, ਨੇ ‘ਜੈ ਸ਼੍ਰੀ ਰਾਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਏ। ਉੱਥੇ ਹੀ ਮੁਸਲਿਮ ਭਾਈਚਾਰੇ ਦੇ ਲੋਕ ਉਸ ਸਥਾਨ ’ਤੇ ਨਮਾਜ ਅਦਾ ਕਰਨ ਆਉਂਦੇ ਰਹੇ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ’ਚ ਤਖਤੀਆਂ ਸਨ ਅਤੇ ਉਨ੍ਹਾਂ ਨੇ ਸ਼ਹਿਰ ’ਚ ਤੈਅ ਥਾਂਵਾਂ ’ਤੇ ਖੁੱਲ੍ਹੇ ’ਚ ਨਮਾਜ ਅਦਾ ਕਰਨ ਦੀ ਮਨਜ਼ੂਰੀ ਦੇਣ ’ਤੇ ਪ੍ਰਸ਼ਾਸਨ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ। ਹਾਲਾਂਕਿ, ਮਾਹੌਲ ਤਣਾਅਪੂਰਨ ਹੋਣ ਦੇ ਬਾਵਜੂਦ ਉੱਥੇ ਸ਼ਾਂਤੀ ਬਣੀ ਰਹੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਚੌਕਸੀ ਵਜੋਂ ਕਰੀਬ 30 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰੂਗ੍ਰਾਮ ਦੀ ਸਬ ਡਿਵੀਜ਼ਨਲ ਮੈਜਿਸਟ੍ਰੇਟ ਅੰਕਿਤਾ ਚੌਧਰੀ ਨੇ ਕਿਹਾ,‘‘ਇਸ ਜਗ੍ਹਾ ’ਤੇ 2 ਸਾਲ ਤੋਂ ਲੋਕ ਨਮਾਜ਼ ਪੜ੍ਹ ਰਹੇ ਹਨ। ਦੂਜੇ ਸਮੂਹ ਦੇ ਕੁਝ ਲੋਕ ਹਨ, ਜੋ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਅਸੀਂ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਨਹੀਂ ਕਰਨ ਲਈ ਕਿਹਾ। ਜਦੋਂ ਉਹ ਨਹੀਂ ਮੰਨੇ ਤਾਂ ਪ੍ਰਸ਼ਾਸਨ ਅਤੇ ਪੁਲਸ ਨੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ।’’ ਚੌਧਰੀ ਨੇ ਦੱਸਿਆ ਕਿ ਲੋਕਾਂ ਨੂੰ ਸਿਰਫ਼ ਚੌਕਸੀ ਵਜੋਂ ਹਿਰਾਸਤ ’ਚ ਲਿਆ ਗਿਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਲੋਕ ਕੌਣ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧ ’ਚ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਖੁੱਲ੍ਹੇ ’ਚ ਨਮਾਜ਼ ਕਰਨ ਦੀ ਧਮਕੀ ਹਿੰਦੂਵਾਸੀ ਸੰਗਠਨਾਂ ਵਲੋਂ ਦਿੱਤੇ ਜਾਣ ਕਾਰਨ ਮੌਕੇ ’ਤੇ ਪੁਲਸ ਫ਼ੋਰਸ ਦੀ ਤਾਇਨਾਤੀ ਕੀਤੀ ਗਈ ਸੀ। ਦੱਸਣਯੋਗ ਹੈ ਕਿ ਤਿੰਨ ਸਾਲ ਪਹਿਲਾਂ ਹਿੰਦੂਵਾਦੀ ਸੰਗਠਨਾਂ ਵਲੋਂ ਵਿਰੋਧ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ’ਚ 37 ਥਾਂਵਾਂ ਨੂੰ ਚਿੰਨ੍ਹਿਤ ਕੀਤਾ ਸੀ, ਜਿੱਥੇ ਮੁਸਲਮਾਨਾਂ ਨੂੰ ਜੁਮੇ ਦੀ ਨਮਾਜ਼ ਪੜ੍ਹਨ ਦੀ ਮਨਜ਼ੂਰੀ ਦਿੱਤੀ ਗਈ ਸੀ।