ਫ਼ੌਜ ਨੇ ਜੰਗ ਲਈ ‘ਨਵੀਂ ਵਰਦੀ’ ਦੀ ਦੁਰਵਰਤੋਂ ਰੋਕਣ ਲਈ ਕੱਸੀ ਕਮਰ
Thursday, Jul 14, 2022 - 02:32 PM (IST)
ਨਵੀਂ ਦਿੱਲੀ– ਫ਼ੌਜ ਨੇ ਜੰਗ ਲਈ ਨਵੀਂ ਵਰਦੀ ਦੀ ਦੁਰਵਰਤੋਂ ’ਤੇ ਰੋਕ ਲਾਉਣ ਲਈ ਕਈ ਕਦਮ ਚੁੱਕੇ ਹਨ। ਫ਼ੌਜ ਵਲੋਂ ਨਵੀਂ ਵਰਦੀ ਦੀ ਗੈਰ-ਕਾਨੂੰਨੀ ਵਿਕਰੀ ਰੋਕਣ ਅਤੇ ਡਿਜ਼ਾਈਨ ਦੇ ਪੇਟੈਂਟ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਾਮਲੇ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਸਿਰਫ਼ ਅਧਿਕਾਰਤ ਸਰੋਤਾਂ ਤੋਂ ਵਰਦੀ ਖਰੀਦਣ ਲਈ ਨਿਰਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ 15 ਜਨਵਰੀ ਨੂੰ ਸੈਨਾ ਦਿਵਸ ਮੌਕੇ ਨਵੀਂ ਵਰਦੀ ਦਾ ਨਵਾਂ ਡਿਜ਼ਾਈਨ ਲਾਂਚ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਮੌਜੂਦਾ ਫੌਜੀ ਜਵਾਨਾਂ ਨੂੰ ਅਣ-ਅਧਿਕਾਰਤ ਵਿਕ੍ਰੇਤਾਵਾਂ ਤੋਂ ਨਵੀਆਂ ਵਰਦੀਆਂ ਖਰੀਦਣ ’ਤੇ ਪਾਬੰਦੀ ਲਾਉਂਦੇ ਹੋਏ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੇਟੈਂਟ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬਿਨਾਂ ਮਨਜ਼ੂਰੀ ਤੋਂ ਨਵੀਂ ਵਰਦੀ ਵੇਚਣ ਵਾਲੇ ਵਿਕ੍ਰੇਤਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਕਿਹਾ, "ਸੁਰੱਖਿਆ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਕੈਂਟ ਦੇ ਦੁਕਾਨਦਾਰਾਂ ਨੂੰ ਇਸ ਸਬੰਧ ’ਚ ਦਿੱਲੀ ਪੁਲਸ ਅਤੇ ਫੌਜ ਦੇ ਅਧਿਕਾਰੀਆਂ ਦੀ ਮਦਦ ਨਾਲ ਜਾਣਕਾਰੀ ਦਿੱਤੀ ਗਈ ਸੀ। ਇਸ (ਜੰਗੀ ਵਰਦੀ) ਦਾ ਕੱਪੜਾ ਵੇਚਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ।’’
ਅਧਿਕਾਰੀ ਨੇ ਕਿਹਾ ਕਿ ਉਪਲੱਬਧ ਸਟਾਕ ਅਤੇ ਉਨ੍ਹਾਂ ਦੀ ਮੌਜੂਦਾ ਵਰਦੀ ਦੇ ਜੀਵਨ ਦੇ ਆਧਾਰ 'ਤੇ ਅਗਲੇ ਤਿੰਨ ਸਾਲਾਂ ’ਚ ਪੂਰੀ ਫੋਰਸ ਨਵੀਂ ਵਰਦੀ ਵਿਚ ਤਬਦੀਲ ਹੋਣ ਦੀ ਉਮੀਦ ਹੈ। ਆਪਣੀ ਜਾਣ-ਪਛਾਣ ਦੇ ਦੌਰਾਨ ਫੌਜ ਨੇ ਕਿਹਾ ਸੀ ਕਿ ਨਵੀਂ ਵਰਦੀ ਸਿਪਾਹੀਆਂ ਨੂੰ ਬਿਹਤਰ ਛਾਇਆ, ਵਧੇਰੇ ਆਰਾਮ ਅਤੇ ਡਿਜ਼ਾਈਨ ਵਿਚ ਇਕਸਾਰਤਾ ਪ੍ਰਦਾਨ ਕਰਦੀ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਲੜਾਕੂ ਵਰਦੀ ਦੇ ਪ੍ਰਸਾਰ ਕਾਰਨ ਫੌਜੀ ਅਦਾਰਿਆਂ ਦੀ ਸੁਰੱਖਿਆ ਵਿਚ ਕਮਜ਼ੋਰੀਆਂ ਪੈਦਾ ਹੋਈਆਂ ਹਨ ਅਤੇ ਇਹ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।