ਫ਼ੌਜ ਦੇ ਹੈਲੀਕਾਪਟਰ ਦੀ ਖੇਤਾਂ ’ਚ ਐਮਰਜੈਂਸੀ ਲੈਂਡਿੰਗ, ਬਠਿੰਡਾ ਤੋਂ ਦਿੱਲੀ ਲਈ ਭਰੀ ਸੀ ਉਡਾਣ

Sunday, Jan 02, 2022 - 06:18 PM (IST)

ਜੀਂਦ (ਭਾਸ਼ਾ)— ਫ਼ੌਜ ਦਾ ਇਕ ਹੈਲੀਕਾਪਟਰ ਐਤਵਾਰ ਨੂੰ ਐਮਰਜੈਂਸੀ ਸਥਿਤੀ ’ਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿਚ ਖੇਤਾਂ ’ਚ ਸੁਰੱਖਿਅਤ ਉਤਾਰ ਲਿਆ ਗਿਆ। ਹੈਲੀਕਾਪਟਰ ਵਿਚ ਸਵਾਰ ਫ਼ੌਜ ਦੇ 4 ਜਵਾਨ ਸੁਰੱਖਿਅਤ ਹਨ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੌਕੇ ’ਤੇ ਪੁਲਸ ਪਹੁੰਚ ਗਈ ਹੈ ਅਤੇ ਫ਼ੌਜ ਦੇ ਤਕਨੀਕੀ ਯੂਨਿਟ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ। 

ਪੁਲਸ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਫ਼ੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਖੇਤਾਂ ’ਚ ਹੋਈ। ਉਸ ’ਚ ਸਵਾਰ ਜਵਾਨ ਅਤੇ ਹੈਲੀਕਾਪਟਰ ਸੁਰੱਖਿਅਤ ਹੈ। ਕਿਸੇ ਪ੍ਰਕਾਰ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਫ਼ੌਜ ਦਾ ਏ. ਆਈ-1123 ਹੈਲੀਕਾਪਟਰ ਪੰਜਾਬ ਦੇ ਬਠਿੰਡਾ ਤੋਂ ਦਿੱਲੀ ਜਾ ਰਿਹਾ ਸੀ ਅਤੇ ਇਸ ਦੌਰਾਨ ਇਸ ’ਚ ਕੁਝ ਤਕਨੀਕੀ ਖਾਮੀ ਆ ਗਈ, ਜਿਸ ਦੇ ਚੱਲਦੇ ਹੈਲੀਕਾਪਟਰ ਦੇ ਪਾਇਲਟ ਨੇ ਉਸ ਨੂੰ ਪਿੰਡ ਜਾਜਨਵਾਲਾ ਵਾਸੀ ਜਬਰ ਸਿੰਘ ਦੇ ਖੇਤਾਂ ਵਿਚ ਸੁਰੱਖਿਅਤ ਲੈਂਡ ਕੀਤਾ। 

ਪੁਲਸ ਅਫ਼ਸਰ ਮੁਤਾਬਕ ਖ਼ੁਸ਼ਕਿਸਮਤੀ ਨਾਲ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਤਾਂ ਹੈਲੀਕਾਪਟਰ ਨੂੰ ਹੋਇਆ ਅਤੇ ਨਾ ਹੀ ਉਸ ’ਚ ਸਵਾਰ ਕਿਸੇ ਜਵਾਨ ਨੂੰ। ਸਾਰੇ ਸੁਰੱਖਿਅਤ ਹਨ। ਇਸ ਦਰਮਿਆਨ ਪਿੰਡ ਦੇ ਖੇਤਾਂ ’ਚ ਹੈਲੀਕਾਪਟਰ ਦੇ ਉਤਰਨ ਦੀ ਸੂਚਨਾ ’ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ, ਖ਼ਾਸ ਕਰ ਕੇ ਨੌਜਵਾਨਾਂ ਦਾ ਖੇਤਾਂ ਵੱਲ ਹਜੂਮ ਉਮੜ ਪਿਆ। ਪੁਲਸ ਨੇ ਦੱਸਿਆ ਕਿ ਨੌਜਵਾਨਾਂ ਵਿਚ ਹੈਲੀਕਾਪਟਰ ਨਾਲ ਸੈਲਫੀ ਲੈਣ ਦੀ ਵੀ ਹੋੜ ਲੱਗੀ ਗਈ।


Tanu

Content Editor

Related News