ਫ਼ੌਜ ਨੇ ਰਾਜੌਰੀ 'ਚ ਕੰਟਰੋਲ ਰੇਖਾ ਕੋਲ ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਸ਼ੱਕੀ ਅੱਤਵਾਦੀ ਢੇਰ

Tuesday, Aug 23, 2022 - 09:54 AM (IST)

ਫ਼ੌਜ ਨੇ ਰਾਜੌਰੀ 'ਚ ਕੰਟਰੋਲ ਰੇਖਾ ਕੋਲ ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਸ਼ੱਕੀ ਅੱਤਵਾਦੀ ਢੇਰ

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਅੱਤਵਾਦੀਆਂ ਦੇ ਇਕ ਸਮੂਹ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਫ਼ੌਜ ਨੇ ਨਾਕਾਮ ਕਰ ਦਿੱਤਾ, ਇਸ ਦੌਰਾਨ 2 ਅੱਤਵਾਦੀ ਮਾਰੇ ਗਏ। ਰੱਖਿਆ ਵਿਭਾਗ ਦੇ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਨੌਸ਼ਹਿਰਾ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ। ਪੂਰੀ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਉਨ੍ਹਾਂ ਕਿਹਾ,''ਜਿੱਥੇ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ, ਉੱਥੇ ਫ਼ੌਜ ਦਾ ਆਪਰੇਸ਼ਨ ਚੱਲ ਰਿਹਾ ਹੈ। ਇਸ ਤਲਾਸ਼ੀ ਮੁਹਿੰਮ ਦੌਰਾਨ 2 ਘੁਸਪੈਠੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।''

ਉਨ੍ਹਾਂ ਦੱਸਿਆ ਕਿ ਇਲਾਕੇ 'ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਅਧਿਕਾਰੀਆਂ ਮੁਤਾਬਕ ਸ਼ੱਕੀ ਅੱਤਵਾਦੀਆਂ ਦੇ ਇਕ ਸਮੂਹ ਨੇ ਸਰਹੱਦ ਪਾਰ ਤੋਂ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਨੌਸ਼ਹਿਰਾ ਦੇ ਲਾਮ ਦੇ ਪੁਖਰਨੀ ਪਿੰਡ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਸੋਮਵਾਰ ਰਾਤ ਕਰੀਬ 10 ਵਜੇ ਇਕ ਅੱਤਵਾਦੀ ਨੇ ਬਾਰੂਦੀ ਸੁਰੰਗ 'ਤੇ ਪੈਰ ਰੱਖਿਆ, ਜਿਸ ਕਾਰਨ ਧਮਾਕਾ ਹੋ ਗਿਆ। ਅੱਤਵਾਦੀਆਂ ਦੀ ਹਰਕਤ 'ਤੇ ਨਜ਼ਰ ਰੱਖਣ ਵਾਲੇ ਫ਼ੌਜ ਦੇ ਜਵਾਨਾਂ ਨੇ ਮੰਗਲਵਾਰ ਸਵੇਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ। ਨੌਸ਼ਹਿਰਾ ਸੈਕਟਰ 'ਚ ਘੁਸਪੈਠ ਦੀ ਇਹ ਕੋਸ਼ਿਸ਼ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਫੌਜ ਨੇ ਐਤਵਾਰ ਨੂੰ ਲਸ਼ਕਰ-ਏ-ਤੋਇਬਾ ਦੇ ਇਕ ਗਾਈਡ ਨੂੰ ਜ਼ਖ਼ਮੀ ਹਾਲਤ 'ਚ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਪਾਕਿਸਤਾਨੀ ਫ਼ੌਜ ਦੀ ਖੁਫੀਆ ਯੂਨਿਟ ਲਈ ਵੀ ਕੰਮ ਕਰਦਾ ਸੀ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸਬਜ਼ਕੋਟ ਪਿੰਡ ਦੇ ਰਹਿਣ ਵਾਲੇ ਤਬਾਰਕ ਹੁਸੈਨ (32) ਨੂੰ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ 6 ਸਾਲਾਂ ਵਿਚ ਦੂਜੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ।


author

DIsha

Content Editor

Related News