ਕੇਂਦਰ ਮਣੀਪੁਰ ’ਚ ਸ਼ਾਂਤੀ ਬਹਾਲ ਕਰਨ ਦੀ ਕਰ ਰਿਹਾ ਹੈ ਕੋਸ਼ਿਸ਼ : ਐੱਨ. ਬੀਰੇਨ ਸਿੰਘ
Sunday, Aug 25, 2024 - 12:33 AM (IST)
ਇੰਫਾਲ, (ਭਾਸ਼ਾ)- ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਜ਼ਮੀਨੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਦੇ ਮਣੀਪੁਰ ਦੌਰੇ ਬਾਰੇ ਕਿਹਾ ਹੈ ਕਿ ਉਨ੍ਹਾਂ ਦੀ ਯਾਤਰਾ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਸਰਕਾਰ ਸੂਬੇ ’ਚ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸਣਯੋਗ ਹੈ ਕਿ ਜਨਰਲ ਉਪੇਂਦਰ ਦਿਵੇਦੀ ਸ਼ੁੱਕਰਵਾਰ ਦੋ ਦਿਨਾਂ ਦੌਰੇ ’ਤੇ ਮਣੀਪੁਰ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਸੰਚਾਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ।
ਬੀਰੇਨ ਸਿੰਘ ਨੇ ਇਹ ਵੀ ਕਿਹਾ ਕਿ ਫੌਜ ਮੁਖੀ ਨੇ ਇਕ ਅਹਿਮ ਮੌਕੇ ’ਤੇ ਮਣੀਪੁਰ ਦਾ ਦੌਰਾ ਕੀਤਾ ਹੈ। ਸੀ. ਐੱਮ. ਸਕੱਤਰੇਤ ’ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਆਰਮੀ ਚੀਫ਼ ਪੂਰਬੀ ਕਮਾਂਡ ਦੇ ਕਮਾਂਡਰ ਸਮੇਤ ਆਏ ਸਨ। ਅਸੀਂ ਬਹੁਤ ਸਾਰੇ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਦਾ ਮੁੱਖ ਮੰਤਵ ਸੂਬੇ ’ਚ ਜਲਦੀ ਤੋਂ ਜਲਦੀ ਸ਼ਾਂਤੀ ਬਹਾਲ ਕਰਨਾ ਸੀ।
ਉਨ੍ਹਾਂ ਸਰਹੱਦੀ ਖੇਤਰਾਂ ਦੇ ਮੁੱਦਿਆਂ ਤੇ ਗੁਆਂਢੀ ਦੇਸ਼ ਦੇ ਸੰਕਟ ’ਤੇ ਵੀ ਚਰਚਾ ਕੀਤੀ। 'ਆਰਮੀ ਚੀਫ ਨੇ ਪੂਰਬੀ ਫੌਜ ਦੇ ਕਮਾਂਡਰ ਨਾਲ ਸਰਹੱਦ ’ਤੇ ਸੁਰੱਖਿਆ ਸਥਿਤੀ ਤੇ ਖੇਤਰ ਦੀ ਅੰਦਰੂਨੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ।
ਜਨਰਲ ਦਿਵੇਦੀ ਨੇ ਖੇਤਰ ’ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਭਾਰਤੀ ਫੌਜ ਅਤੇ ਅਾਸਾਮ ਰਾਈਫਲਜ਼ ਦੇ ਯਤਨਾਂ ਦੀ ਸ਼ਲਾਘਾ ਕੀਤੀ।