ਆਰਮੀ ਚੀਫ ਜਨਰਲ ਨਰਵਣੇ ਪਹੁੰਚੇ ਲੱਦਾਖ, ਸਥਿਤੀ ਦਾ ਲਿਆ ਜਾਇਜ਼ਾ
Saturday, May 23, 2020 - 09:15 PM (IST)
ਨਵੀਂ ਦਿੱਲੀ (ਇੰਟ) : ਭਾਰਤ ਅਤੇ ਚੀਨ 'ਚ ਅਸਲ ਕੰਟਰੋਲ ਰੇਖਾ 'ਤੇ ਚੱਲ ਰਹੇ ਵਿਵਾਦ 'ਚ ਫੌਜ ਮੁਖੀ ਮਨੋਜ ਮੁਕੁੰਦ ਨਰਵਣੇ ਨੇ ਸ਼ਨੀਵਾਰ ਨੂੰ ਲੱਦਾਖ ਦਾ ਦੌਰਾ ਕੀਤਾ। ਇਥੇ ਉਨ੍ਹਾਂ ਨੇ ਟਾਪ ਫੀਲਡ ਕਮਾਂਡਰਾਂ ਨਾਲ ਬੈਠਕ ਕੀਤੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਸੂਤਰਾਂ ਮੁਤਾਬਕ, ਲੱਦਾਖ 'ਚ ਚੀਨ ਨਾਲ ਗਾਲਵਨ ਨਾਲਾ, ਡੇਮਚੌਕ, ਦੌਲਤ ਬੇਗ ਅਤੇ ਪੈਂਗੋਂਗ ਤਸੋ ਝੀਲ 'ਚ ਤਣਾਅ ਹੈ। ਗਾਲਵਨ ਨਾਲਾ 'ਚ ਦੋਵਾਂ ਦੇਸ਼ਾਂ ਦੇ 300-300 ਫੌਜੀ ਆਹਮੋ-ਸਾਹਮਣੇ ਹਨ। ਇਸ ਇਲਾਕੇ 'ਤੇ ਚੀਨ ਆਪਣਾ ਦਾਅਵਾ ਕਰ ਰਿਹਾ ਹੈ। ਭਾਰਤੀ ਫੌਜ ਦੇ ਫੀਲਡ ਕਮਾਂਡਰ ਚੀਨ ਦੇ ਕਮਾਂਡਰਾਂ ਨਾਲ ਗੱਲ ਕਰ ਰਹੇ ਹਨ ਅਤੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਰਹੱਦ 'ਤੇ ਦੋਵਾਂ ਦੇਸ਼ਾਂ ਨੇ ਵਧਾਈ ਫੌਜ
ਪਿਛਲੇ ਦਿਨੀਂ ਲੱਦਾਖ ਦੀ ਪੈਂਗੋਂਗ ਤਸੋ ਝੀਲ ਅਤੇ ਗਾਲਵਨ ਘਾਟੀ 'ਚ ਦੋਵਾਂ ਦੇਸ਼ਾਂ ਨੇ ਫੌਜੀਆਂ ਦੀ ਗਿਣਤੀ ਵਧਾ ਦਿੱਤੀ ਸੀ। ਇਥੇ ਪਿਛਲੇ 2 ਹਫਤਿਆਂ ਤੋਂ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਇਸ ਨੂੰ ਲੈ ਕੇ ਬ੍ਰਿਗੇਡ ਕਮਾਂਡਰਾਂ ਦੀ ਫਲੈਗ ਮੀਟਿੰਗ ਵੀ ਹੋ ਚੁੱਕੀ ਹੈ ਪਰ ਉਹ ਬੇਨਤੀਜਾ ਰਹੀ। ਚੀਨ ਦੀ ਇਸ ਹਰਕਤ 'ਤੇ ਭਾਰਤੀ ਫੌਜ ਦੇ ਉੱਚ ਅਧਿਕਾਰੀ ਆਪਣੀ ਪੂਰੀ ਨਜ਼ਰ ਬਣਾਏ ਹੋਏ ਹਨ।
ਭਾਰਤ ਦੇ ਸੜਕ ਬਣਾਉਣ ਤੋਂ ਸ਼ੁਰੂ ਹੋਇਆ ਟਕਰਾਅ
ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਦੀ ਸਥਿਤੀ ਪੈਂਗੋਂਗ ਤਸੋ ਝੀਲ ਨੇੜੇ ਭਾਰਤ ਦੇ ਸੜਕ ਨਿਰਮਾਣ ਤੋਂ ਸ਼ੁਰੂ ਹੋਈ। ਦਰਅਸਲ ਲੱਦਾਖ ਦੇ ਪੂਰਬੀ ਇਲਾਕੇ 'ਚ ਟ੍ਰੈਫਿਕ ਲਈ ਸੜਕ ਨੈੱਟਵਰਕ ਨੂੰ ਮਜ਼ਬੂਤ ਕਰ ਰਿਹਾ ਹੈ। ਇਸ 'ਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਇਤਰਾਜ਼ ਜਤਾਇਆ। ਇਸ ਤੋਂ ਬਾਅਦ ਚੀਨ ਨੇ ਇਸ ਇਲਾਕੇ 'ਚ ਆਪਣੇ ਜਵਾਨਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ। ਭਾਰਤ ਨੇ ਵੀ ਇਸ ਇਲਾਕੇ 'ਚ ਤਾਇਨਾਤੀ ਵਧਾ ਦਿੱਤੀ ਹੈ। ਭਾਰਤ ਨੇ ਸਾਫ ਕੀਤਾ ਹੈ ਕਿ ਉਹ ਆਪਣੇ ਇਲਾਕੇ 'ਚ ਸੜਕ ਨਿਰਮਾਣ ਕਰ ਰਿਹਾ ਹੈ ਅਤੇ ਇਹ ਠੀਕ ਉਸੇ ਤਰ੍ਹਾਂ ਹੀ ਹੈ ਜਿਵੇਂ ਚੀਨ ਨੇ ਆਪਣੇ ਇਲਾਕੇ 'ਚ ਕੀਤਾ ਹੈ। ਇਸ ਦੇ ਬਾਅਦ ਚੀਨੀ ਫੌਜੀ ਇਸ ਇਲਾਕੇ 'ਚ ਬਣੇ ਹੋਏ ਹਨ। ਡੇਮਚੌਕ ਅਤੇ ਦੌਲਤ ਬੇਗ ਓਲਡੀ ਜਿਹੇ ਇਲਾਕਿਆਂ 'ਚ ਵੀ ਦੋਵੇਂ ਦੇਸ਼ਾਂ ਦੇ ਫੌਜੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ।