ਫੌਜ ਮੁਖੀ ਜਨਰਲ ਨਰਵਣੇ ਨੂੰ ਮਿਲੇ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ, ਭਾਰਤ ਨੂੰ ਦੱਸਿਆ ਚੰਗਾ ਦੋਸਤ

11/07/2020 1:14:12 PM

ਕਾਠਮੰਡੂ : ਫੌਜ ਮੁਖੀ ਜਨਰਲ ਐਮ.ਐਮ ਨਰਵਣੇ ਨੇ ਸ਼ੁੱਕਰਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ ਹੈ। ਜਨਰਲ ਨਰਵਣੇ 3 ਦਿਨਾਂ ਦੌਰੇ 'ਤੇ ਨੇਪਾਲ ਵਿਚ ਹਨ। ਦੋਵਾਂ ਦੇਸ਼ਾਂ ਵਿਚ ਜਦੋਂ ਤੋਂ ਸਰਹੱਦ ਵਿਵਾਦ ਸ਼ੁਰੂ ਹੋਇਆ ਹੈ, ਉਦੋਂ ਤੋਂ ਇਹ ਪਹਿਲੀ ਉੱਚ ਪੱਧਰੀ ਬੈਠਕ ਹੈ। ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਓਲੀ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਵਿਚਾਲੇ ਲੰਬੇ ਸਮਾਂ ਤੋਂ ਵਿਸ਼ੇਸ਼ ਸੰਬੰਧ ਹਨ। ਕੇ.ਪੀ. ਸ਼ਰਮਾ ਓਲੀ ਨੇ ਕਿਹਾ ਕਿ ਭਾਰਤ ਅਤੇ ਨੇਪਾਲ ਵਿਚਾਲੇ ਚੰਗੀ ਦੋਸਤੀ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਜ਼ਰੀਏ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ।

ਦੱਸ ਦੇਈਏ ਕਿ ਫੌਜ ਮੁਖੀ ਜਨਰਲ ਐਮ.ਐਮ. ਨਰਵਣੇ ਬੁੱਧਵਾਰ ਨੂੰ ਤਿੰਨ ਦਿਨਾਂ ਨੇਪਾਲ ਦੀ ਯਾਤਰਾ 'ਤੇ ਕਾਠਮੰਡੂ ਪੁੱਜੇ। ਭਾਰਤੀ ਫੌਜ ਮੁਖੀ ਜਨਰਲ ਐਮ.ਐਮ. ਨਰਵਣੇ ਨੂੰ ਵੀਰਵਾਰ ਨੂੰ 'ਜਨਰਲ ਆਫ ਦਿ ਨੇਪਾਲ ਆਰਮੀ' ਨਾਲ ਸਨਮਾਨਿਤ ਕੀਤਾ ਗਿਆ। ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਜਨਰਲ ਨਰਵਣੇ ਨੂੰ ਇਸ ਸਨਮਾਨ ਨਾਲ ਨਵਾਜਿਆ। ਕਾਠਮੰਡੂ ਵਿਚ ਇਕ ਵਿਸ਼ੇਸ਼ ਸਮਾਰੋਹ ਵਿਚ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸ 'ਸ਼ੀਤਲਨਿਵਾਸ' ਵਿਚ ਨਰਵਣੇ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿਚ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਵੀ ਮੌਜੂਦ ਸਨ।

ਫੌਜ ਮੁਖੀ ਜਨਰਲ ਐਮ.ਐਮ. ਨਰਵਣੇ ਨੇ ਵੀਰਵਾਰ ਨੂੰ ਨੇਪਾਲੀ ਫੌਜ ਦੇ ਚੀਫ ਆਫ ਆਰਮੀ ਸਟਾਫ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਦੀ ਇਹ ਮੁਲਾਕਾਤ ਨੇਪਾਲ ਫੌਜ ਦੇ ਹੈਡਕੁਆਰਟਰ ਵਿਚ ਹੋਈ। ਦੋਵਾਂ ਅਧਿਕਾਰੀਆਂ ਨੇ ਦੋ-ਪੱਖੀ ਰੱਖਿਆ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ।


cherry

Content Editor

Related News