ਫੌਜ ਨੇ ਪੂਰਬੀ ਸਿੱਕਮ ’ਚ ਫਸੇ 1,000 ਸੈਲਾਨੀਆਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ
Saturday, Mar 18, 2023 - 12:55 AM (IST)

ਗੰਗਟੋਕ (ਭਾਸ਼ਾ)–ਫੌਜ ਨੇ ਭਾਰੀ ਬਰਫ਼ਬਾਰੀ ਤੋਂ ਬਾਅਦ ਪੂਰਬੀ ਸਿੱਕਮ ਦੇ ਉਪਰੀ ਇਲਾਕੇ ਛਾਂਗੂ ਵਿਚ ਫਸੇ 1,000 ਤੋਂ ਵੱਧ ਸੈਲਾਨੀਆਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ ਹੈ, ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੁੱਧਵਾਰ ਦੁਪਹਿਰ ਬਾਅਦ ਨਾਥੂ ਲਾ, ਸੋਮਗੋ (ਛਾਂਗੂ) ਝੀਲ ਅਤੇ ਉਸ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਭਾਰੀ ਬਰਫਬਾਰੀ ਹੋਣ ਤੋਂ ਬਾਅਦ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ, ਜਿਸ ਨਾਲ ਸੈਲਾਨੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਅਧਿਕਾਰੀਆਂ ਮੁਤਾਬਕ ਬਰਫ਼ਬਾਰੀ ਕਾਰਨ ਵਾਹਨ ਚਲਾਉਣਾ ਮੁਸ਼ਕਿਲ ਹੋ ਗਿਆ ਹੈ, ਜਿਸ ਦੇ ਨਤੀਜੇ ਵਜੋਂ 15 ਕਿਲੋਮੀਟਰ ਦੇ ਇਕ ਹਿੱਸੇ ਵਿਚ 1,000 ਤੋਂ ਵੱਧ ਸੈਲਾਨੀ ਅਤੇ 200 ਵਾਹਨ ਫਸ ਗਏ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਇਲਾਕੇ ਵਿਚ ਤਾਇਨਾਤ ਫੌਜੀਆਂ ਨੇ ਬਚਾਅ ਕੰਮ ਸ਼ੁਰੂ ਕੀਤਾ ਅਤੇ 8 ਘੰਟੇ ਤੱਕ ਚੱਲੀ ਮੁਹਿੰਮ ਤੋਂ ਬਾਅਦ ਸੈਲਾਨੀਆਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ ਗਿਆ।