ਭਾਰਤੀ ਬੱਚੀ ਅਰੀਹਾ ਸ਼ਾਹ ਦੇ ਮਾਂ-ਬਾਪ ਲਈ ਵੱਡਾ ਝਟਕਾ, ਬਰਲਿਨ ਦੀ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
Saturday, Jun 17, 2023 - 11:48 PM (IST)
ਇੰਟਰਨੈਸ਼ਨਲ ਡੈਸਕ : ਭਾਰਤੀ ਬੱਚੀ ਅਰੀਹਾ ਸ਼ਾਹ ਦੇ ਮਾਤਾ-ਪਿਤਾ ਭਾਵੇਸ਼ ਸ਼ਾਹ ਅਤੇ ਧਾਰਾ ਸ਼ਾਹ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸ਼ੁੱਕਰਵਾਰ ਨੂੰ ਬਰਲਿਨ ਦੀ ਇਕ ਅਦਾਲਤ ਨੇ ਉਨ੍ਹਾਂ ਦੀ ਬੇਟੀ ਅਰੀਹਾ ਦੀ ਕਸਟਡੀ ਮਾਪਿਆਂ ਨੂੰ ਸੌਂਪਣ ਤੋਂ ਇਨਕਾਰ ਕਰਦਿਆਂ ਜਰਮਨ ਰਾਜ ਨੂੰ ਸੌਂਪ ਦਿੱਤੀ। ਅਰੀਹਾ ਸਤੰਬਰ 2021 ਤੋਂ ਜਰਮਨੀ ਦੇ ਯੂਥ ਵੈੱਲਫੇਅਰ ਦਫ਼ਤਰ ਦੀ ਹਿਰਾਸਤ ਵਿੱਚ ਹੈ, ਜਦੋਂ ਉਹ 7 ਮਹੀਨਿਆਂ ਦੀ ਸੀ। ਹੁਣ ਉਹ 20 ਮਹੀਨਿਆਂ ਦੇ ਵੱਧ ਸਮੇਂ ਤੋਂ ਉਨ੍ਹਾਂ ਦੀ ਦੇਖਭਾਲ ਵਿੱਚ ਹੈ। ਜਰਮਨੀ ਨੇ ਅਰੀਹਾ ਦੇ ਮਾਤਾ-ਪਿਤਾ 'ਤੇ ਸੱਟ ਪਹੁੰਚਾਉਣ ਦਾ ਦੋਸ਼ ਲਗਾ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ ਸੀ। ਅਦਾਲਤ ਨੇ ਮਾਪਿਆਂ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਦੀ ਬੱਚੀ ਨੂੰ ਲੱਗੀ ਸੱਟ ‘ਦੁਰਘਟਨਾ’ ਸੀ।
ਇਹ ਵੀ ਪੜ੍ਹੋ : PM ਮੋਦੀ ਦਾ ਸਰਕਾਰੀ ਦੌਰਾ ਭਾਰਤ-ਅਮਰੀਕਾ ਸਬੰਧਾਂ ਲਈ ਸਾਬਤ ਹੋਵੇਗਾ ਮੀਲ ਪੱਥਰ : ਰਾਜਦੂਤ ਸੰਧੂ
ਬਰਲਿਨ ਦੀ ਸਥਾਨਕ ਅਦਾਲਤ ਦਾ ਇਹ ਹੁਕਮ ਅਜਿਹੇ ਸਮੇਂ ਆਇਆ ਹੈ ਜਦੋਂ ਲੜਕੀ ਦੇ ਮਾਤਾ-ਪਿਤਾ, ਭਾਰਤ ਸਰਕਾਰ ਅਤੇ ਕੁਝ ਸੰਸਦ ਮੈਂਬਰ ਬੱਚੀ ਨੂੰ ਉਸ ਦੇ ਮਾਪਿਆਂ ਹਵਾਲੇ ਕਰਨ ਲਈ ਜਰਮਨੀ 'ਤੇ ਕੂਟਨੀਤਕ ਦਬਾਅ ਵਧਾ ਰਹੇ ਹਨ। ਅਰੀਹਾ ਦੇ ਮਾਤਾ-ਪਿਤਾ ਗੁਜਰਾਤ ਦੇ ਰਹਿਣ ਵਾਲੇ ਹਨ। ਉਹ 2018 ਵਿੱਚ ਜਰਮਨੀ ਆ ਗਏ ਸਨ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਅਰੀਹਾ ਦੇ ਮਾਤਾ-ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ 'ਤੇ ਪੂਰਾ ਭਰੋਸਾ ਹੈ ਕਿ ਉਹ ਅਰੀਹਾ ਨੂੰ ਭਾਰਤ ਵਾਪਸ ਲਿਆਉਣਗੇ।
ਇਹ ਵੀ ਪੜ੍ਹੋ : 'ਭਾਰਤ-ਅਮਰੀਕਾ ਦੋਸਤੀ ਜ਼ਿੰਦਾਬਾਦ', US 'ਚ PM ਮੋਦੀ ਦੇ ਪਹੁੰਚਣ ਤੋਂ ਪਹਿਲਾਂ ਸੰਸਦ ਮੈਂਬਰਾਂ ਨੇ ਕੀਤਾ ਸਵਾਗਤ
ਜਦੋਂ ਅਦਾਲਤ ਨੇ ਅਰੀਹਾ ਦੀ ਕਸਟਡੀ ਸੌਂਪਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਤੋਂ ਬਾਅਦ ਅਰੀਹਾ ਦੀ ਮਾਂ ਨੇ ਅਦਾਲਤ 'ਚ ਅਪੀਲ ਕੀਤੀ ਸੀ ਕਿ ਉਸ ਦੀ ਬੇਟੀ ਦੀ ਕਸਟਡੀ ਇੰਡੀਅਨ ਵੈੱਲਫੇਅਰ ਸਰਵਿਸਿਜ਼ ਨੂੰ ਦਿੱਤੀ ਜਾਵੇ ਤਾਂ ਜੋ ਉਹ ਆਪਣੀਆਂ ਭਾਰਤੀ ਕਦਰਾਂ-ਕੀਮਤਾਂ ਤੋਂ ਦੂਰ ਨਾ ਹੋਣ। ਮਾਂ ਧਾਰਾ ਨੇ ਕਿਹਾ ਕਿ ਅਰੀਹਾ ਆਪਣੇ ਰੀਤੀ-ਰਿਵਾਜਾਂ ਤੋਂ ਵੀ ਦੂਰ ਜਾ ਰਹੀ ਹੈ। 2021 'ਚ ਅਰੀਹਾ ਲਗਭਗ 7 ਮਹੀਨਿਆਂ ਦੀ ਸੀ, ਜਦੋਂ ਉਸ ਦੀ ਦਾਦੀ ਜਰਮਨੀ ਚਲੀ ਗਈ ਸੀ। ਉਸ ਦੀ ਗਲਤੀ ਕਾਰਨ ਅਰੀਹਾ ਦੇ ਪ੍ਰਾਈਵੇਟ ਪਾਰਟ ਨੂੰ ਸੱਟ ਲੱਗ ਗਈ। ਡਾਇਪਰ 'ਚ ਖੂਨ ਦੇਖ ਕੇ ਮਾਤਾ-ਪਿਤਾ ਅਰੀਹਾ ਨੂੰ ਹਸਪਤਾਲ ਲੈ ਗਏ। ਇੱਥੇ ਜਰਮਨੀ ਚਾਈਲਡ ਕੇਅਰ ਯੂਨਿਟ ਦੁਆਰਾ ਉਸ 'ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਬੱਚੀ ਨੂੰ ਮਾਪਿਆਂ ਤੋਂ ਦੂਰ ਪਾਲਣ-ਪੋਸ਼ਣ ਲਈ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਹਥਿਆਰਬੰਦ ਬਲਾਂ ਨੂੰ ਉੱਨਤ ਤਕਨੀਕ ਨਾਲ ਲੈਸ ਕਰ ਰਹੀ ਹੈ ਸਰਕਾਰ : ਰਾਜਨਾਥ
ਕੀ ਕਿਹਾ ਜਰਮਨੀ ਦੀ ਵਿਦੇਸ਼ ਮੰਤਰੀ ਨੇ
ਬੱਚੀ ਦੇ ਮਾਪੇ ਪਿਛਲੇ ਇਕ ਸਾਲ ਤੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਇਸ ਮਾਮਲੇ ਵਿੱਚ ਦਖਲ ਦੇਣ ਦੀ ਗੱਲ ਵੀ ਕਹੀ ਸੀ। ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੇ ਇਕ ਹਫ਼ਤਾ ਪਹਿਲਾਂ ਕਿਹਾ ਸੀ ਕਿ ਉਹ ਇਸ ਮੁੱਦੇ ਦੀ ਗੰਭੀਰਤਾ ਤੋਂ ਜਾਣੂ ਹਨ। ਜਰਮਨੀ ਦੀ ਵਿਦੇਸ਼ ਮੰਤਰੀ ਅੰਨਾਲੇਨਾ ਬੀਅਰਬੌਕ ਨੇ ਕਿਹਾ ਕਿ ਬੱਚੀ ਦੀ ਤੰਦਰੁਸਤੀ ਪ੍ਰਮੁੱਖ ਹੈ। ਏਜੰਸੀ ਉਦੋਂ ਹੀ ਬੱਚੀ ਦੀ ਕਸਟਡੀ ਲੈਂਦੀ ਹੈ ਜੇਕਰ ਬੱਚਾ ਘਰ ਵਿੱਚ ਸੁਰੱਖਿਅਤ ਨਾ ਹੋਵੇ। ਫਿਲਹਾਲ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ। ਇਸ ਬਾਰੇ ਫ਼ੈਸਲੇ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।