ਅਪ੍ਰੈਲ ''ਚ ਗਰਮੀ ਨੇ ਤੋੜਿਆ 122 ਸਾਲ ਦਾ ਰਿਕਾਰਡ, ਮਈ ''ਚ ਰਾਹਤ ਦੀ ਉਮੀਦ ਨਹੀਂ

04/30/2022 6:22:29 PM

ਨਵੀਂ ਦਿੱਲੀ (ਭਾਸ਼ਾ)- ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿਚ ਪਿਛਲੇ 122 ਸਾਲਾਂ ਵਿਚ ਸਭ ਤੋਂ ਗਰਮ ਰਿਹਾ, ਜਿਸ ਵਿਚ ਵੱਧ ਤੋਂ ਵੱਧ ਤਾਪਮਾਨ 35.9 ਡਿਗਰੀ ਸੈਲਸੀਅਸ ਅਤੇ 37.78 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਮੌਸਮ ਵਿਭਾਗ (ਆਈ.ਐਮ.ਡੀ.) ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਦੇਸ਼ ਦੇ ਉੱਤਰ-ਪੱਛਮੀ ਅਤੇ ਪੱਛਮੀ-ਮੱਧ ਭਾਗਾਂ- ਗੁਜਰਾਤ, ਰਾਜਸਥਾਨ, ਪੰਜਾਬ ਅਤੇ ਹਰਿਆਣਾ ਨੂੰ ਮਈ ਵਿਚ ਵੀ ਆਮ ਨਾਲੋਂ ਵੱਧ ਤਾਪਮਾਨ ਦਾ ਸਾਹਮਣਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਦੱਖਣੀ ਪ੍ਰਾਇਦੀਪ ਭਾਰਤ ਦੇ ਕੁਝ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਈ ਦੌਰਾਨ ਵੀ ਰਾਤ ਨੂੰ ਗਰਮੀ ਦਾ ਅਹਿਸਾਸ ਹੋਵੇਗਾ।

ਇਹ ਵੀ ਪੜ੍ਹੋ : ਯਮਨ 'ਚ ਬੰਧਕ ਬਣਾਇਆ ਗਿਆ ਮਹਾਰਾਸ਼ਟਰ ਦਾ ਮਲਾਹ ਪਰਤਿਆ ਘਰ, PM ਮੋਦੀ ਦਾ ਕੀਤਾ ਧੰਨਵਾਦ

ਮਹਾਪਾਤਰਾ ਨੇ ਕਿਹਾ ਕਿ ਅਪ੍ਰੈਲ ਦੌਰਾਨ ਦੇਸ਼ ਭਰ 'ਚ ਔਸਤ ਤਾਪਮਾਨ 35.05 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ 122 ਸਾਲਾਂ 'ਚ ਚੌਥੀ ਵਾਰ ਸਭ ਤੋਂ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਇਸ ਸਾਲ ਮਈ ਦੌਰਾਨ ਔਸਤ ਮੀਂਹ ਆਮ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਕਿਹਾ ਕਿ ਮਈ 'ਚ ਉੱਤਰ-ਪੱਛਮੀ ਅਤੇ ਪੂਰਬ-ਉੱਤਰ ਭਾਰਤ ਦੇ ਕੁਝ ਹਿੱਸਿਆਂ ਦੇ ਨਾਲ-ਨਾਲ ਦੱਖਣ-ਪੂਰਬੀ ਪ੍ਰਾਇਦੀਪ 'ਚ ਆਮ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਆਈ.ਐੱਮ.ਡੀ. ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਲਗਾਤਾਰ ਕਮਜ਼ੋਰ ਮੀਂਹ ਗਤੀਵਿਧੀ ਕਾਰਨ ਮਾਰਚ ਅਤੇ ਅਪ੍ਰੈਲ 'ਚ ਉੱਚ ਤਾਪਮਾਨ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉੱਤਰ-ਪੱਛਮੀ ਭਾਰਤ 'ਚ ਮਾਰਚ ਦੌਰਾਨ ਮੀਂਹ 'ਚ ਕਰੀਬ 89 ਫੀਸਦੀ ਜਦੋਂ ਕਿ ਅਪ੍ਰੈਲ 'ਚ 83 ਫੀਸਦੀ ਗਿਰਾਵਟ ਦੇਖੀ ਗਈ। ਦੱਸਣਯੋਗ ਹੈ ਕਿ ਦੇਸ਼ 'ਚ ਲੋਕਾਂ ਨੂੰ- ਖਾਸ ਕਰ ਕੇ ਉੱਤਰ-ਪੱਛਮੀ ਅਤੇ ਪੱਛਮੀ ਭਾਗਾਂ 'ਚ ਪਿਛਲੇ ਕੁਝ ਹਫ਼ਤਿਆਂ ਤੋਂ ਲੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News