ਫ਼ੌਜ ''ਤੇ ਵਿਵਾਦਿਤ ਟਵੀਟ:  LG ਨੇ ਸ਼ਹਿਲਾ ਰਾਸ਼ਿਦ ''ਤੇ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ

01/10/2023 2:32:00 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਭਾਰਤੀ ਫ਼ੌਜ ਨੂੰ ਲੈ ਕੇ ਵਿਵਾਦਿਤ ਟਵੀਟ ਦੇ ਮਾਮਲੇ 'ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ (ਜੇ.ਐੱਨ.ਯੂ.ਐੱਸ.ਯੂ.) ਦੀ ਸਾਬਕਾ ਨੇਤਾ ਸ਼ਹਿਲਾ ਰਾਸ਼ਿਦ ਸ਼ੋਰਾ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਪ ਰਾਜਪਾਲ ਦਫ਼ਤਰ ਦੇ ਅਧਿਕਾਰੀਆਂ ਅਨੁਸਾਰ, ਇਹ ਮਨਜ਼ੂਰੀ ਸ਼ੋਰਾ ਖ਼ਿਲਾਫ਼ 2019 'ਚ ਦਰਜ ਇਕ ਐੱਫ.ਆਈ.ਆਰ. ਨਾਲ ਸੰਬੰਧਤ ਹੈ। ਅਲਖ ਆਲੋਕ ਸ਼੍ਰੀਵਾਸਤਵ ਦੀ ਸ਼ਿਕਾਇਤ 'ਤੇ ਨਵੀਂ ਦਿੱਲੀ 'ਚ ਵਿਸ਼ੇਸ਼ ਸੈੱਲ ਥਾਣੇ 'ਚ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 153ਏ ਦੇ ਅਧੀਨ ਸ਼ੋਰਾ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਸੀ। 

ਉਨ੍ਹਾਂ ਕਿਹਾ ਕਿ ਜੇ.ਐੱਨ.ਯੂ.ਐੱਸ.ਯੂ. ਦੀ ਸਾਬਕਾ ਨੇਤਾ 'ਤੇ ਆਪਣੇ ਟਵੀਟ ਦੇ ਮਾਧਿਅਮ ਨਾਲ ਵੱਖ-ਵੱਖ ਸਮੂਹਾਂ ਵਿਚਾਲੇ ਨਫ਼ਰਤ ਵਧਾਉਣ ਅਤੇ ਸਦਭਾਵਨਾ ਵਿਗਾੜਨ ਵਾਲੇ ਕੰਮਾਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਉੱਪ ਰਾਜਪਾਲ ਦੇ ਦਫ਼ਤਰ ਨੇ ਕਿਹਾ ਕਿ ਮਨਜ਼ੂਰੀ ਦਾ ਪ੍ਰਸਤਾਵ ਦਿੱਲੀ ਪੁਲਸ ਵਲੋਂ ਪੇਸ਼ ਕੀਤਾ ਗਿਆ ਸੀ ਅਤੇ ਇਹ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਸਮਰਥਿਤ ਸੀ। ਸ਼ੋਰਾ ਦੇ 18 ਅਗਸਤ 2019 ਦੇ ਟਵੀਟ 'ਚ ਫ਼ੌਜ 'ਤੇ ਕਸ਼ਮੀਰ ਦੇ ਘਰਾਂ 'ਚ ਦਾਖ਼ਲ ਹੋ ਕੇ ਸਥਾਨਕ ਲੋਕਾਂ ਨੂੰ ਤਸੀਹੇ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ ਫ਼ੌਜ ਨੇ ਇਨ੍ਹਾਂ ਦੋਸ਼ਾਂ ਨੂੰ ਅਰਥਹੀਣ ਦੱਸਦੇ ਹੋਏ ਖ਼ਾਰਜ ਕਰ ਦਿੱਤਾ ਸੀ।


DIsha

Content Editor

Related News