ਭਾਰਤੀ ਫੌਜ ਦੀ ਵਧੇਗੀ ਤਾਕਤ : 45000 ਕਰੋੜ ਰੁਪਏ ਦੀਆਂ ਹਥਿਆਰ ਪ੍ਰਣਾਲੀਆਂ ਦੀ ਖਰੀਦ ਨੂੰ ਮਨਜ਼ੂਰੀ

Saturday, Sep 16, 2023 - 11:30 AM (IST)

ਭਾਰਤੀ ਫੌਜ ਦੀ ਵਧੇਗੀ ਤਾਕਤ : 45000 ਕਰੋੜ ਰੁਪਏ ਦੀਆਂ ਹਥਿਆਰ ਪ੍ਰਣਾਲੀਆਂ ਦੀ ਖਰੀਦ ਨੂੰ ਮਨਜ਼ੂਰੀ

ਨਵੀਂ ਦਿੱਲੀ- ਫੌਜ ਲਈ ਅਸ਼ਤਰ-ਸ਼ਾਸਤਰ ਖਰੀਦਣ ਦੇ ਪ੍ਰਸਤਾਵਾਂ ’ਤੇ ਫੈਸਲਾ ਲੈਣ ਵਾਲੀ ਰੱਖਿਆ ਖਰੀਦ ਪ੍ਰੀਸ਼ਦ (ਡੀ. ਏ. ਸੀ.) ਨੇ ਰੱਖਿਆ ਸਪਲਾਈ ਖੇਤਰ ’ਚ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਦੇ ਫੈਸਲੇ ਤਹਿਤ ਹਵਾਈ ਫੌਜ ਲਈ 12 ਸੁਖੋਈ-30 ਐੱਮ. ਕੇ. ਆਈ. ਜਹਾਜ਼ ਅਤੇ ਗਾਈਡਿਡ ਮਿਜ਼ਾਈਲਾਂ ਸਮੇਤ ਫੌਜ ਦੇ ਤਿੰਨਾਂ ਅੰਗਾਂ ਲਈ ਕੁੱਲ ਲਗਭਗ 45,000 ਕਰੋੜ ਰੁਪਏ ਦੀਆਂ ਹਥਿਆਰ ਪ੍ਰਣਾਲੀਆਂ ਦੀ ਖਰੀਦ ਦੇ ਪ੍ਰਸਤਾਵ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦਿੱਤੀ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਡੀ. ਏ. ਸੀ. ਦੀ ਬੈਠਕ ’ਚ ਫੌਜ ਲਈ 45,000 ਕਰੋੜ ਰੁਪਏ ਦੀ ਫੰਡ ਪ੍ਰਾਪਤੀ ਦੀ ‘ਜ਼ਰੂਰਤ ਦੀ ਪ੍ਰਵਾਨਗੀ’ (ਏ. ਓ. ਐੱਨ.) ਦੇ 9 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ। ਮੰਤਰਾਲਾ ਨੇ ਕਿਹਾ, ‘‘ਇਹ ਸਾਰੀ ਖਰੀਦ ਭਾਰਤੀ ਸਪਲਾਇਰਾਂ ਤੋਂ ਕੀਤੀ ਜਾਵੇਗੀ।’’ ਡੀ. ਏ. ਸੀ. ਨੇ ਜ਼ਮੀਨੀ ਫੌਜ ਲਈ ਹਲਕੇ ਬਖ਼ਤਰਬੰਦ ਬਹੁ-ਮੰਤਵੀ ਵਾਹਨਾਂ (ਐੱਲ. ਏ. ਐੱਮ. ਵੀਜ਼) ਅਤੇ ਏਕੀਕ੍ਰਿਤ ਨਿਗਰਾਨੀ ਅਤੇ ਟਾਰਗੈੱਟ ਹੋਲਡਿੰਗ, ਆਰਟਿਲਰੀ ਗਨ ਅਤੇ ਰਾਡਾਰ ਦੀ ਤੇਜ਼ੀ ਨਾਲ ਮੋਰਚੇ ’ਤੇ ਤਾਇਨਾਤ ਕਰਨ ਦੇ ਕੰਮ ’ਚ ਆਉਣ ਵਾਲੇ ਹਾਈ ਮੋਬਿਲਿਟੀ ਵਹੀਕਲਜ਼ (ਐੱਚ. ਐੱਮ. ਵੀ.) ਅਤੇ ਤੋਪਾਂ ਨੂੰ ਖਿੱਚ ਕੇ ਲਿਜਾਣ ਵਾਲੇ ਗਨ ਟੋਇੰਗ ਵਾਹਨਾਂ ਦੀ ਖਰੀਦ ਲਈ ਏ. ਓ. ਐੱਨ. ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਚੰਦਰਯਾਨ-1 ਦੇ ਅੰਕੜਿਆਂ ਤੋਂ ਮਿਲੀ ਵੱਡੀ ਜਾਣਕਾਰੀ, ਧਰਤੀ ਦੀ ਵਜ੍ਹਾ ਨਾਲ ਚੰਦਰਮਾ ’ਤੇ ਬਣ ਰਿਹੈ ਪਾਣੀ

ਡੀ. ਏ. ਸੀ. ਨੇ ਹਵਾਈ ਫੌਜ ਲਈ ਪੂੰਜੀਗਤ ਖਰੀਦ ਲਈ ਮਨਜ਼ੂਰ ਏ. ਓ. ਐੱਨ. ਦੇ ਤਹਿਤ ਡੋਰਨੀਅਰ ਜਹਾਜ਼ਾਂ ਦੀ ਏਅਰੋਨੌਟਿਕਲ ਪ੍ਰਣਾਲੀ ’ਚ ਸੁਧਾਰ, ਸਵਦੇਸ਼ੀ ਉੱਨਤ ਹਲਕੇ ਹੈਲੀਕਾਪਟਰ ਧਰੁਵ ਲਈ ਆਸਮਾਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਘੱਟ ਦੂਰੀ ਦੀ ਗਾਈਡਿਡ ਮਿਜ਼ਾਈਲ, ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਤੋਂ 12 ਸੁਖੋਈ-30 ਐੱਮ. ਕੇ. ਅਤੇ ਉਨ੍ਹਾਂ ਲਈ ਲੋੜੀਂਦੇ ਉਪਕਰਣਾਂ ਦੀ ਖਰੀਦ ਲਈ ਏ. ਓ. ਐੱਨ. ਨੂੰ ਵੀ ਮਨਜ਼ੂਰੀ ਦਿੱਤੀ ਹੈ। ਬਿਆਨ ਮੁਤਾਬਕ ਬੈਠਕ ’ਚ ਰਾਜਨਾਥ ਨੇ ਕਿਹਾ ਕਿ ਹੁਣ ਸਵਦੇਸ਼ੀਕਰਨ ਨੂੰ ਉਤਸ਼ਾਹਿਤ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ, “ਆਈ. ਡੀ. ਡੀ. ਐੱਮ. ਪ੍ਰਾਜੈਕਟਾਂ ਲਈ 50 ਪ੍ਰਤੀਸ਼ਤ ਸਵਦੇਸ਼ੀ ਸਮੱਗਰੀ ਨੂੰ ਸੀਮਤ ਕਰਨ ਦੀ ਬਜਾਏ, ਸਾਨੂੰ ਘੱਟੋ ਘੱਟ 60-65 ਫੀਸਦੀ ਸਵਦੇਸ਼ੀ ਸਮੱਗਰੀ ਦਾ ਟੀਚਾ ਰੱਖਣਾ ਚਾਹੀਦਾ ਹੈ।’’ ਸਮੁੰਦਰੀ ਫੌਜ ਲਈ ਸਰਵੇਖਣ ਬੇੜਿਆਂ ਦੀ ਖਰੀਦ ਨੂੰ ਪ੍ਰਵਾਨਗੀ : ਸਮੁੰਦਰੀ ਫੌਜ ਲਈ ਅਗਲੀ ਪੀੜ੍ਹੀ ਦੇ ਸਰਵੇਖਣ ਬੇੜਿਆਂ ਦੀ ਖਰੀਦ ਨੂੰ ਵੀ ਰਸਮੀ ਪ੍ਰਵਾਨਗੀ ਵੀ ਦਿੱਤੀ ਗਈ। ਇਸ ਨਾਲ ਸਮੁੰਦਰ ਵਿਚ ਨੇਵੀ ਦੀ ਸੰਚਾਲਨ ਸ਼ਕਤੀ ’ਚ ਵਾਧਾ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News