ਹਾਈਵੇ ''ਤੇ ਲੱਗੇ ਜਾਮ ਨੇ ਸੇਬ ਕਾਰੋਬਾਰੀਆਂ ਦੇ ਕਢਾਏ ਹੰਝੂ : 90 ਫ਼ੀਸਦੀ ਤਕ ਡਿੱਗੀਆਂ ਕੀਮਤਾਂ
Tuesday, Oct 18, 2022 - 05:02 PM (IST)

ਨੈਸ਼ਨਲ ਡੈਸਕ : ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਸ਼੍ਰੀਨਗਰ-ਜੰਮੂ ਹਾਈਵੇ 'ਤੇ ਲੱਗ ਰਿਹਾ ਜਾਮ ਛੋਟੇ ਕਾਰੋਬਾਰੀਆਂ ਲਈ ਬਹੁਤ ਨੁਕਸਾਨਦੇਹ ਸਾਬਿਤ ਹੋ ਰਿਹਾ ਹੈ। ਇਸ ਜਾਮ ਕਾਰਨ ਸੇਬ ਮੰਡੀ 'ਚ ਪਹੁੰਚਣ 'ਚ 3 ਦਿਨ ਤਕ ਦਾ ਸਮਾਂ ਲੱਗ ਜਾਂਦਾ ਹੈ ਜਿਸ ਕਾਰਨ ਸੇਬ ਰਸਤੇ 'ਚ ਹੀ ਖ਼ਰਾਬ ਹੋ ਜਾਂਦੇ ਹਨ। ਇਸ ਨੁਕਸਾਨ ਤੋਂ ਬਚਣ ਲਈ ਛੋਟੇ ਵਪਾਰੀਆਂ ਨੂੰ ਮਜਬੂਰੀਵੱਸ ਇਹ ਸੇਬ ਉੱਥੇ ਹੀ ਕਿਸੇ ਵੱਡੇ ਕਾਰੋਬਾਰੀ ਨੂੰ ਵੇਚਣੇ ਪੈਂਦੇ ਹਨ ਜੋ ਇਸ ਨੂੰ ਬਾਜ਼ਾਰ ਨਾਲੋਂ ਤਕਰੀਬਨ 90 ਫ਼ੀਸਦੀ ਤਕ ਘੱਟ ਕੀਮਤ 'ਤੇ ਖਰੀਦ ਰਹੇ ਹਨ।
ਜਾਣਕਾਰੀ ਮੁਤਾਬਕ ਪਿਛਲੇ ਡੇਢ ਮਹੀਨੇ ਤੋਂ ਹਾਈਵੇ 'ਤੇ ਲਗਾਤਾਰ ਜਾਮ ਦੀ ਸਮੱਸਿਆ ਆ ਰਹੀ ਹੈ। ਇਸ ਪਿੱਛੇ ਅਫ਼ਸਰਾਂ ਵੱਲੋਂ ਖ਼ਰਾਬ ਮੌਸਮ ਅਤੇ ਪਹਾੜਾਂ ਤੋਂ ਪੱਥਰ ਡਿੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਆਵਾਜਾਈ ਪ੍ਰਬੰਧ ਸੁਚਾਰੂ ਰੱਖਣ ਲਈ ਵੱਡੀਆਂ ਗੱਡੀਆਂ ਨੂੰ ਰਸਤੇ 'ਚ ਕਈ ਥਾਵਾਂ 'ਤੇ ਰੋਕ ਕੇ ਰੱਖਿਆ ਜਾਂਦਾ ਹੈ। ਇਸ ਕਾਰਨ ਸੇਬ ਲੱਦ ਕੇ ਲਿਜਾ ਰਹੇ ਟਰੱਕਾਂ ਨੂੰ 220 ਕਿੱਲੋਮੀਟਰ ਦਾ ਇਹ ਸਫ਼ਰ ਕਰਨ ਲਈ ਤਕਰੀਬਨ 3 ਦਿਨ ਤਕ ਲੱਗ ਜਾਂਦੇ ਹਨ। ਇਹ ਸਭ ਕੁੱਝ ਹਰ ਰੋਜ਼ ਹੋ ਰਿਹਾ ਹੈ ਅਤੇ 7-8 ਹਜ਼ਾਰ ਟਰੱਕ ਇਸ ਜਾਮ ਵਿਚ ਫਸੇ ਰਹਿੰਦੇ ਹਨ। ਇਸ ਦੌਰਾਨ ਇਹ ਸੇਬ ਗਲ਼ ਕੇ ਖ਼ਰਾਬ ਹੋ ਜਾਂਦੇ ਹਨ ਅਤੇ ਜਾਂ ਤਾਂ ਮੰਡੀ 'ਚ ਵਿਕਣ ਜੋਗੇ ਹੀ ਨਹੀ ਰਹਿ ਜਾਂਦੇ ਜਾਂ ਫ਼ਿਰ ਇਨ੍ਹਾਂ ਦੀ ਹਾਲਤ ਕਾਰਨ ਕੀਤਮ ਬਹੁਤ ਜ਼ਿਆਦਾ ਘੱਟ ਜਾਂਦੀ ਹੈ। ਕਈ ਕਾਰੋਬਾਰੀਆਂ ਵੱਲੋਂ ਦਾ ਪਰੇਸ਼ਾਨ ਹੋ ਕੇ ਗਲ਼ੇ ਹੋਏ ਸੇਬ ਉੱਥੇ ਹੀ ਸੁੱਟੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ‘ਨਯਾ ਜੰਮੂ-ਕਸ਼ਮੀਰ’; ਸੈਲਾਨੀਆਂ ਨੂੰ ਬਰਫ਼ੀਲੇ ਇਲਾਕਿਆਂ ’ਚ ਲੈ ਜਾਣਗੇ ਹੈਲੀਕਾਪਟਰ
ਕਿਸਾਨਾਂ ਤੇ ਛੋਟੇ ਕਾਰੋਬਾਰੀਆਂ ਨੇ ਇਸ ਜਾਮ ਨੂੰ ਵੱਡੀ ਸਾਜ਼ਿਸ਼ ਦੱਸਦਿਆਂ ਪ੍ਰਸ਼ਾਸਨ 'ਤੇ ਵੱਡੇ ਕਾਰੋਬਾਰੀਆਂ ਦੇ ਕਹਿਣ 'ਤੇ ਇਹ ਸਭ ਕੁੱਝ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਾਮ ਕਾਰਨ ਉਨ੍ਹਾਂ ਦੀ ਫ਼ਸਲ ਮੰਡੀ 'ਚ ਪਹੁੰਚਣ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦੀ ਹੈ। ਇਸ ਕਾਰਨ ਉਹ ਸੇਬ ਕਸ਼ਮੀਰ ਵਿਚ ਹੀ ਵੱਡੇ ਕਾਰੋਬਾਰੀਆਂ ਨੂੰ ਵੇਚਣ ਲਈ ਮਜਬੂਰ ਹੋ ਰਹੇ ਹਨ ਜੋ ਇਨ੍ਹਾਂ ਦੀ ਢੁਕਵੀਂ ਕੀਮਤ ਨਹੀ ਦੇ ਰਹੇ। ਉਨ੍ਹਾਂ ਕਿਹਾ ਕਿ ਕਸ਼ਮੀਰੀ ਸੇਬ ਦੇਸ਼ ਵਿਚ 200 ਰੁਪਏ ਪ੍ਰਤੀ ਕਿੱਲੋ ਤਕ ਵਿਕ ਰਿਹਾ ਹੈ ਪਰ ਕਸ਼ਮੀਰ ਵਿਚ ਕਿਸਾਨਾਂ ਤੋਂ ਇਹ ਸੇਬ 20 ਰੁਪਏ ਪ੍ਰਤੀ ਕਿੱਲੋ ਤਕ ਖਰੀਦਿਆ ਜਾ ਰਿਹਾ ਹੈ।
ਟਰੱਕ ਇਕੱਠੇ ਮੰਡੀ ਪਹੁੰਚਣ ਕਾਰਨ ਵੀ ਘੱਟ ਜਾਂਦੀ ਹੈ ਕੀਮਤ
ਟਰੈਫ਼ਿਕ ਜਾਮ ਕਾਰਨ ਸੇਬਾਂ ਦੇ ਟਰੱਕ ਇੱਕੋ ਥਾਂ ਇਕੱਠੇ ਹੁੰਦੇ ਰਹਿੰਦੇ ਹਨ ਅਤੇ ਜਦ ਇਹ ਜਾਮ 'ਚੋਂ ਨਿਕਲ ਕੇ ਮੰਡੀ ਪਹੁੰਚਦੇ ਹਨ ਤਾਂ ਵੱਡੀ ਗਿਣਤੀ ਵਿਚ ਸੇਬ ਪਹੁੰਚਣ ਕਾਰਨ ਉੱਥੇ ਇਨ੍ਹਾਂ ਦਾ ਸਹੀ ਮੁੱਲ ਨਹੀਂ ਪੈਂਦਾ। ਸ਼ੋਪੀਆਂ ਫ਼ਰੂਟ ਮਾਰਕੀਟ ਦੇ ਇਕ ਵਪਾਰੀ ਨੇ ਦੱਸਿਆ ਕਿ ਪਿਛਲੇ ਮਹੀਨੇ 10 ਹਜ਼ਾਰ ਦੇ ਕਰੀਬ ਟਰੱਕ ਹਾਈਵੇ 'ਤੇ ਫੱਸ ਗਏ ਸਨ। ਜਦ ਇਹ ਇੱਕੋ ਦਿਨ ਮੰਡੀ 'ਚ ਪਹੁੰਚੇ ਤਾਂ ਸੇਬਾਂ ਦੀ ਕੀਮਤ ਘੱਟ ਮਿਲੀ।