ਭਾਰਤ ’ਚ 70 ਸਾਲਾਂ ਤੋਂ ਠੋਸੀ ਗਈ ਪੱਛਮੀ ਮਾਨਸਿਕਤਾ ਮੋਦੀ ਸਰਕਾਰ ਦੌਰਾਨ ਬਦਲੀ : ਅਨੁਰਾਗ
Sunday, Feb 26, 2023 - 03:41 PM (IST)
ਰਾਏਪੁਰ, (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਭਾਰਤ ਵਿੱਚ 70 ਸਾਲਾਂ ਤੋਂ ਠੋਸੀ ਗਈ ਪੱਛਮੀ ਮਾਨਸਿਕਤਾ ਮੋਦੀ ਸਰਕਾਰ ਦੌਰਾਨ ਬਦਲ ਗਈ ਹੈ। ਰਾਏਪੁਰ ਜ਼ਿਲੇ ਦੇ ਪਿੰਡ ਧਨੇਲੀ ਸਥਿਤ ਰਾਵਤਪੁਰਾ ਸਰਕਾਰੀ ਯੂਨੀਵਰਸਿਟੀ ਵਿਖੇ ਨਹਿਰੂ ਯੁਵਾ ਕੇਂਦਰ ਸੰਗਠਨ ਛੱਤੀਸਗੜ੍ਹ ਇਕਾਈ ਵੱਲੋਂ ਕਰਵਾਏ ਗਏ ‘ਯੁਵਾ ਸੰਵਾਦ ਭਾਰਤ-2047’ ਨੂੰ ਸ਼ਨੀਵਾਰ ਸੰਬੋਧਨ ਕਰਦਿਆਂ ਠਾਕੁਰ ਨੇ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 5 ਵਾਅਦਿਆਂ ਨੂੰ ਯਾਦ ਕਰਦਿਆਂ ਦੇਸ਼ ਦੇ ਵਿਕਾਸ ਬਾਰੇ ਗੱਲ ਕਰਨ ਦੀ ਤਾਕੀਦ ਕੀਤੀ।
ਉਨ੍ਹਾਂ ਕਿਹਾ ਕਿ ਅਗਲੇ ਸਾਲ ਤੱਕ ਅਯੁੱਧਿਆ ਵਿੱਚ ਇੱਕ ਵਿਸ਼ਾਲ ਰਾਮ ਮੰਦਰ ਬਣ ਜਾਵੇਗਾ। ਮੋਦੀ ਸਰਕਾਰ ਦੀ ਤਾਰੀਫ ਕਰਦੇ ਹੋਏ ਠਾਕੁਰ ਨੇ ਕਿਹਾ ਕਿ ਸਾਨੂੰ ਆਪਣੀ ਵਿਰਾਸਤ, ਇਤਿਹਾਸ, ਕਲਾ, ਸੱਭਿਆਚਾਰ ਅਤੇ ਪਰੰਪਰਾ ’ਤੇ ਮਾਣ ਕਰਨਾ ਚਾਹੀਦਾ ਹੈ। ਪੱਛਮੀ ਦੇਸ਼ਾਂ ਦੀ ਮਾਨਸਿਕਤਾ 70 ਸਾਲਾਂ ਤੋਂ ਸਾਡੇ ਦੇਸ਼ ’ਤੇ ਠੋਸੀ ਗਈ ਸੀ। ਪਿਛਲੇ 8 ਸਾਲਾਂ ਵਿੱਚ ਇਸ ਸੋਚ ਨੂੰ ਬਦਲਣ ਲਈ ਕੰਮ ਕੀਤਾ ਗਿਆ ਹੈ।
ਅੱਜ ਅਸੀਂ ਛਾਤੀ ਠੋਕ ਕੇ ਕਹਿ ਸਕਦੇ ਹਾਂ ਕਿ ਸ਼ਾਨਦਾਰ ਸੋਮਨਾਥ ਧਾਮ, ਕਾਸ਼ੀ ਧਾਮ, ਕੇਦਾਰਨਾਥ ਧਾਮ ਅਤੇ ਮਹਾਕਾਲ ਧਾਮ ਦਾ ਨਿਰਮਾਣ ਹੋ ਚੁੱਕਾ ਹੈ। ਅਗਲੇ ਸਾਲ ਅਯੁੱਧਿਆ ਧਾਮ ਦਾ ਨਿਰਮਾਣ ਪੂਰਾ ਹੋ ਜਾਵੇਗਾ। ਮੰਦਰਾਂ ਕਾਰਨ ਇੱਥੇ ਸੈਲਾਨੀਆਂ ਦੇ ਆਉਣ ਨਾਲ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਦੇ ਸਾਧਨ ਵਧੇ ਹਨ ਤੇ ਹੋਰ ਵਧਣਗੇ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਕ ਰਿਪੋਰਟ ਜਾਂ ਅਰਬਪਤੀ ਵਲੋਂ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਕਿਸ ਰਿਪੋਰਟ ਜਾਂ ਅਰਬਪਤੀ ਦੀ ਗੱਲ ਕਰ ਰਹੇ ਹਨ। ਦੇਸ਼ ਵਿਰੁੱਧ ਕੂੜ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।