ਯੂਕ੍ਰੇਨ ਸੰਕਟ ’ਤੇ ਬੋਲੋ ਅਨੁਰਾਗ ਠਾਕੁਰ ਤੇ ਪੀਊਸ਼ ਗੋਇਲ, ਨਾਗਰਿਕਾਂ ਦੀ ਵਾਪਸੀ ’ਚ ਵੱਡੇ-ਵੱਡੇ ਦੇਸ਼ ਨਾਕਾਮ, ਭਾਰਤ ਰਿਹਾ ਸਫਲ
Thursday, Mar 10, 2022 - 12:34 PM (IST)
ਨਵੀਂ ਦਿੱਲੀ/ਊਨਾ, (ਸੁਰਿੰਦਰ)– ਭਾਜਪਾ ਨੇ ਯੁੱਧ ਪ੍ਰਭਾਵਿਤ ਦੇਸ਼ ਯੂਕ੍ਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਬਹੁਤ ਸੂਝਬੂਝ ਅਤੇ ਸਮਝਦਾਰੀ ਨਾਲ ਫੈਸਲੇ ਲਏ ਅਤੇ ਤਮਾਮ ਸੰਕਟਾਂ ਤੇ ਸਮੱਸਿਆਵਾਂ ਦੇ ਬਾਵਜੂਦ ਜਿਸ ਤਰ੍ਹਾਂ ਦੇਸ਼ ਦੀ ਅਗਵਾਈ ਕੀਤੀ, ਅਜਿਹੀ ਕੋਈ ਹੋਰ ਉਦਾਹਰਣ ਨਹੀਂ ਹੈ।
ਭਾਜਪਾ ਹੈੱਡਕੁਆਰਟਰ ਵਿਚ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੇ ਨਾਲ ਇਕ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਪੀਊਸ਼ ਗੋਇਲ ਨੇ ਕਿਹਾ ਕਿ ਸੰਕਟ ਦੀ ਘੜੀ ਵਿਚ ਇੰਨੀਆਂ ਸਮੱਸਿਆਵਾਂ ਦਰਮਿਆਨ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਕਾਸੀ ਮੁਹਿੰਮ ਦੀ ਅਗਵਾਈ ਕੀਤੀ, ਅਜਿਹੀ ਕੋਈ ਹੋਰ ਉਦਾਹਰਣ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਕੋਈ ਹੋਰ ਉਦਾਹਰਣ ਨਹੀਂ ਹੈ ਕਿਸੇ ਦੇਸ਼ ਦੀ, ਜਿਸ ਨੇ ਇੰਨੀ ਗੰਭੀਰਤਾ ਨਾਲ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਘਰ ਲਿਆਉਣ ਦਾ ਕੰਮ ਕੀਤਾ ਹੋਵੇ। ਇਥੋਂ ਤੱਕ ਕਿ ਵੱਡੇ-ਵੱਡੇ ਦੇਸ਼ ਵੀ ਇਸ ਵਿਚ ਅਸਫਲ ਰਹੇ ਪਰ ਭਾਰਤ ਕਾਮਯਾਬ ਰਿਹਾ। ਉਨ੍ਹਾਂ ਕਿਹਾ ਕਿ ਚੀਨ ਤਾਂ ਸ਼ਾਇਦ ਪਹਿਲੀ ਵਾਰ 8 ਫਰਵਰੀ ਨੂੰ ਕੁਝ ਲੋਕਾਂ ਨੂੰ ਕੱਢ ਸਕਿਆ। ਅਮਰੀਕਾ ਨੇ ਤਾਂ ਪਹਿਲਾਂ ਹੀ ਸਲਾਹ ਦਿੱਤੀ ਸੀ ਕਿ ਤੁਸੀਂ ਆਪਣੇ ਆਪ ਨਿਕਲ ਜਾਓ ਨਹੀਂ ਤਾਂ ਅਸੀਂ ਜ਼ਿੰਮੇਵਾਰ ਨਹੀਂ ਹਾਂ।
ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਢੇ 7 ਸਾਲਾਂ ਵਿਚ ਵਿਸ਼ਵ ਵਿਚ ਭਾਰਤ ਦੀ ਜੋ ਸਾਖ ਬਣਾਈ ਹੈ, ਉਸ ਦਾ ਲਾਭ ਇਸ ਮੁਹਿੰਮ ਦੌਰਾਨ ਲਗਾਤਾਰ ਮਿਲਦਾ ਰਿਹਾ। ਗੋਇਲ ਨੇ ਇਸ ਦੌਰਾਨ ਦੋਸ਼ ਲਾਇਆ ਕਿ ਇਕ ਪਾਸੇ ਜਿਥੇ ਪੂਰੀ ਸਰਕਾਰ ਆਪਣੇ ਨਾਗਰਿਕਾਂ ਨੂੰ ਯੂਕ੍ਰੇਨ ਵਿਚੋਂ ਕੱਢਣ ਵਿਚ ਲੱਗੀ ਹੋਈ ਸੀ, ਉਥੇ ਹੀ ਦੂਜੇ ਪਾਸੇ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਨੇ ਅਤੇ ਵਿਰੋਧੀ ਧਿਰ ਸ਼ਾਸਿਤ ਸੂਬਿਆਂ ਦੇ ਕੁਝ ਮੁੱਖ ਮੰਤਰੀਆਂ ਨੇ ਇਸ ’ਤੇ ਵੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ। ਯੂਕ੍ਰੇਨ ਤੋਂ ਲਿਆਂਦੇ ਗਏ ਵਿਦਿਆਰਥੀਆਂ ਦਾ ਕੇਂਦਰੀ ਮੰਤਰੀ ਵਲੋਂ ਹਵਾਈ ਅੱਡਿਆਂ ’ਤੇ ਸਵਾਗਤ ਕੀਤੇ ਜਾਣ ਦੀ ਆਲੋਚਨਾ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਗੋਇਲ ਨੇ ਕਿਹਾ ਕਿ ਕਾਂਗਰਸ ਨੇ ਹੋਛੇਪਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।