1984 ਸਿੱਖ ਕਤਲੇਆਮ : ਆਵਾਜ਼ ਦਾ ਨਮੂਨਾ ਲੈਣ ਲਈ CBI ਨੇ ਟਾਈਟਲਰ ਨੂੰ ਕੀਤਾ ਤਲਬ
Tuesday, Apr 11, 2023 - 01:07 PM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਦਿੱਲੀ ਦੇ ਪੁਲ ਬੰਗਸ਼ ਇਲਾਕੇ 'ਚ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਆਵਾਜ਼ ਦਾ ਨਮੂਨਾ ਲੈਣ ਲਈ ਮੰਗਲਵਾਰ ਨੂੰ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਨੂੰ ਤਲਬ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟਾਈਟਲਰ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਪਹੁੰਚੇ, ਜਿੱਥੇ ਅੱਗੇ ਦੀ ਕਾਰਵਾਈ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਏਜੰਸੀ ਨੂੰ 39 ਸਾਲ ਪੁਰਾਣੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਨਵੇਂ ਸਬੂਤ ਮਿਲੇ ਹਨ, ਜਿਸ ਤੋਂ ਬਾਅਦ ਟਾਈਟਲਰ ਦੀ ਆਵਾਜ਼ ਦਾ ਨਮੂਨਾ ਲੈਣ ਦੀ ਜ਼ਰੂਰਤ ਪਈ। ਦੰਗਿਆਂ ਦੌਰਾਨ ਪੁਲ ਬੰਗਸ਼ ਇਲਾਕੇ 'ਚ ਤਿੰਨ ਲੋਕ ਮਾਰੇ ਗਏ ਸਨ। ਸਾਲ 1984 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਸੁਰੱਖਿਆ ਕਰਮੀਆਂ ਵਲੋਂ ਕਤਲ ਕੀਤੇ ਜਾਣ ਤੋਂ ਬਾਅਦ ਦੇਸ਼ 'ਚ ਸਿੱਖ ਭਾਈਚਾਰੇ 'ਤੇ ਹਿੰਸਕ ਹਮਲੇ ਕੀਤੇ ਗਏ ਸਨ।