ਤਾਮਿਲਨਾਡੂ ’ਚ ਦੇਸ਼ ਵਿਰੋਧੀ ਰੁਝਾਨ ਸਿਖਰਾਂ ’ਤੇ : ਸ਼ਾਹ

Wednesday, Feb 26, 2025 - 09:26 PM (IST)

ਤਾਮਿਲਨਾਡੂ ’ਚ ਦੇਸ਼ ਵਿਰੋਧੀ ਰੁਝਾਨ ਸਿਖਰਾਂ ’ਤੇ : ਸ਼ਾਹ

ਕੋਇੰਬਟੂਰ (ਤਾਮਿਲਨਾਡੂ), (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰ ਵੱਲੋਂ ਤਾਮਿਲਨਾਡੂ ਨਾਲ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਬੇਇਨਸਾਫੀ ਤੋਂ ਬੁੱਧਵਾਰ ਇਨਕਾਰ ਕੀਤਾ ਤੇ ਅਜਿਹੇ ਦੋਸ਼ਾਂ ਨੂੰ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਾਰ ਦਿੱਤਾ।

ਬੁੱਧਵਾਰ ਇੱਥੇ ਭਾਜਪਾ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 2014 ਤੋਂ 2024 ਦੌਰਾਨ ਸੂਬੇ ਨੂੰ 5,08,337 ਕਰੋੜ ਰੁਪਏ ਮੁਹੱਈਆ ਕਰਵਾਏ ਹਨ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਕੇਂਦਰ ਸਰਕਾਰ ’ਤੇ ਸਿੱਖਿਆ ਦਾ ਸਿਆਸੀਕਰਨ ਕਰਨ ਤੇ ਸੂਬੇ ਦੇ ਅਹਿਮ ਫੰਡਾਂ ਨੂੰ ਰੋਕਣ ਦਾ ਦੋਸ਼ ਲਾਇਆ ਹੈ।

ਸ਼ਾਹ ਨੇ ਸਟਾਲਿਨ ’ਤੇ ਹੱਦਬੰਦੀ ਬਾਰੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਾਇਆ ਤੇ ਇਸ ਸਬੰਧੀ ਅਟਕਲਾਂ ਨੂੰ ਖਤਮ ਕਰਦੇ ਹੋਏ ਕਿਹਾ ਕਿ ਜਦੋਂ ਹੱਦਬੰਦੀ ਅਨੁਪਾਤ ਦੇ ਆਧਾਰ ’ਤੇ ਕੀਤੀ ਜਾਵੇਗੀ ਤਾਂ ਤਾਮਿਲਨਾਡੂ ਸਮੇਤ ਕਿਸੇ ਵੀ ਦੱਖਣੀ ਸੂਬੇ ’ਚ ਸੰਸਦੀ ਪ੍ਰਤੀਨਿਧਤਾ ’ਚ ਕੋਈ ਕਮੀ ਨਹੀਂ ਆਵੇਗੀ।

ਸੂਬੇ ’ਚ ਅਮਨ-ਕਾਨੂੰਨ ਦੀ ਨਾਕਾਮੀ ਲਈ ਸੱਤਾਧਾਰੀ ਡੀ. ਐੱਮ. ਕੇ. ਸਰਕਾਰ ’ਤੇ ਹਮਲਾ ਬੋਲਦੇ ਹੋਏ ਸ਼ਾਹ ਨੇ ਕਿਹਾ ਕਿ ਤਾਮਿਲਨਾਡੂ ’ਚ ਦੇਸ਼ ਵਿਰੋਧੀ ਰੁਝਾਨ ਸਿਖਰਾਂ ’ਤੇ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਤਾਮਿਲਨਾਡੂ ਸਰਕਾਰ ਨੇ 1998 ਦੇ ਬੰਬ ਧਮਾਕੇ ਦੇ ਮੁਲਜ਼ਮ ਤੇ ਮਾਸਟਰਮਾਈਂਡ ਐੱਸ. ਏ. ਬਾਸ਼ਾ ਦੇ ਅੰਤਿਮ ਸੰਸਕਾਰ ਦੌਰਾਨ ਸੁਰੱਖਿਆ ਪ੍ਰਦਾਨ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਡਰੱਗ ਮਾਫੀਆ ਨੂੰ ਸੂਬੇ ’ਚ ਨਸ਼ੀਲੇ ਪਦਾਰਥ ਵੇਚਣ ਦੀ ਖੁੱਲ੍ਹ ਹੈ । ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਇੱਥੇ ਸਿਆਸਤ ਨੂੰ ਭ੍ਰਿਸ਼ਟ ਕਰ ਰਿਹਾ ਹੈ।


author

Rakesh

Content Editor

Related News